ਇਟਲੀ ‘ਚ 18 ਮਈ ਤੋਂ ਖੁੱਲ੍ਹਣਗੇ ਕਾਰੋਬਾਰ ਤੇ ਧਾਰਮਿਕ ਸਥਾਨ

744
Share

ਮਿਲਾਨ, 17 ਮਈ (ਪੰਜਾਬ ਮੇਲ)- ਇਟਲੀ ਵਿੱਚੋਂ ਕੋਵਿਡ-19 ਦੇ ਕੇਸ ਕੁਝ ਘਟਣ ਮਗਰੋਂ ਸਰਕਾਰ ਵਲੋਂ 18 ਮਈ ਨੂੰ ਹੋਰ ਕਾਰੋਬਾਰਾਂ ਦੇ ਨਾਲ-ਨਾਲ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਈਸਾਈ ਮੱਤ ਦੇ ਆਗੂਆਂ ਨਾਲ ਵਿਚਾਰਾਂ ਕਰਨ ਤੋਂ ਬਾਅਦ ਇਟਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨਾਲ ਰਾਜਧਾਨੀ ਰੋਮ ਵਿਚ ਵਿਸ਼ੇਸ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਇਟਲੀ ਦੇ ਗੁਰਦੁਆਰਿਆਂ ਨੂੰ ਸੰਗਤ ਲਈ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕੋਵਿਡ-19 ਵਿਰੁਧ ਲੜੀ ਜਾ ਰਹੀ ਲੜਾਈ ਵਿਚ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਗੁਰਦੁਆਰਿਆਂ ਨੂੰ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਨੁਸਾਰ ਹੀ ਖੋਲ੍ਹਣ ਦੀ ਗੱਲ ਕੀਤੀ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਾਲ ਗ੍ਰਹਿ ਮੰਤਰੀ ਲੁਚਾਨਾ ਲਾਮੌਰਜੇਸੇ ਵੀ ਹਾਜ਼ਰ ਸਨ। ਸਿੱਖ ਆਗੂਆਂ ਵਿੱਚੋਂ ਰਵਿੰਦਰਜੀਤ ਸਿੰਘ, ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਜੁਝਾਰ ਸਿੰਘ ਮੀਟਿੰਗ ਵਿੱਚ ਸ਼ਾਮਲ ਸਨ।

ਕੋਰੋਨਾ ਵਾਇਰਸ ਦੀ ਮਾਰ ਦੁਨੀਆ ਭਰ ਦੇ ਲੋਕਾਂ ਨੂੰ ਪੈ ਰਹੀ ਹੈ। ਹਰ ਦੇਸ਼ ਇਸ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਬਹੁਤੇ ਦੇਸ਼ਾਂ ਨੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਕੁਆਰੰਟਾਈਨ ਕਰ ਰਹੇ ਹਨ। 10 ਮਈ ਨੂੰ ਭਾਰਤ ਤੋਂ ਹਾਲੈਂਡ ਰਾਹੀਂ ਇਟਲੀ ਪੁੱਜੇ ਭਾਰਤੀ ਯਾਤਰੀਆਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਇਸ ਸਬੰਧੀ ਗੱਲ ਕਰਦੇ ਹੋਏ ਮਾਨਤੋਵਾ ਰਹਿੰਦੇ ਬਲਜਿੰਦਰ ਸਿੰਘ ਤੇ ਸਾਹਿਲ ਕੁਮਾਰ ਨੇ ਦੱਸਿਆ ਕਿ ਉਹ 10 ਮਈ ਨੂੰ ਇੰਡੀਆ ਤੋਂ ਹਾਲੈਂਡ ਰਾਹੀਂ ਇਕ ਜਹਾਜ਼ ਦੁਆਰਾ ਆਏ ਸਨ। ਹਾਲੈਂਡ ਤੋਂ ਬੱਸ ਰਾਹੀਂ ਇਟਲੀ ਪੁੱਜੇ ਸਨ। ਉਨ੍ਹਾਂ ਆ ਕੇ ਇਸ ਦੀ ਜਾਣਕਾਰੀ ਆਪਣੇ ਕਮੂਨੇ ਨੂੰ ਦਿੱਤੀ ਜਿੱਥੇ ਕਮੂਨੇ ਵਾਲਿਆਂ ਵੱਲੋਂ ਉਨ੍ਹਾਂ ਨੂੰ ਕੋਵਿਡ-19 ਦੇ ਨਿਯਮਾਂ ਤਹਿਤ 11 ਮਈ ਤੋਂ 24 ਮਈ ਤਕ ਕੁਆਰੰਟਾਈਨ ਕੀਤਾ।


Share