ਇਟਲੀ ‘ਚ ਮੁੜ ਤੋਂ ਪੈਰ ਪਸਾਰਨ ਲੱਗਾ ਕੋਰੋਨਾ

394
Share

24 ਘੰਟੇ ‘ਚ 19,000 ਤੋਂ ਵੱਧ ਕੋਰੋਨਾ ਮਰੀਜ਼ ਮਿਲੇ

ਮਿਲਾਨ, 24 ਅਕਤੂਬਰ (ਪੰਜਾਬ ਮੇਲ)- ਇਟਲੀ ਨੇ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੇ 19,000 ਤੋਂ ਵੱਧ ਰਿਕਾਰਡ ਮਾਮਲੇ ਦਰਜ ਕੀਤੇ ਹਨ। ਇਸ ਵਜ੍ਹਾ ਨਾਲ ਮੁਲਕ ‘ਚ ਇਕ ਵਾਰ ਫਿਰ ਸਖ਼ਤ ਪਾਬੰਦੀ ਲਾਗੂ ਹੋ ਸਕਦੀ ਹੈ। ਸ਼ਨੀਵਾਰ ਨੂੰ ਇਟਲੀ ਨੇ ਬੀਤੇ 24 ਘੰਟਿਆਂ ‘ਚ 19,644 ਨਵੇਂ ਮਾਮਲੇ ਦਰਜ ਕੀਤੇ ਹਨ। ਇਸ ਤੋਂ ਪਿਛਲੇ ਦਿਨ ਵੀ ਕੋਰੋਨਾ ਨਾਲ 19,143 ਲੋਕ ਪੀੜਤ ਪਾਏ ਗਏ ਸਨ। ਸਰਕਾਰ ਮਹਾਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਲਈ ਬਾਰਾਂ ਤੇ ਰੈਸਟੋਰੈਂਟਾਂ ਦੇ ਛੇਤੀ ਬੰਦ ਹੋਣ ਸਮੇਤ ਹੋਰ ਪਾਬੰਦੀਆਂ ਲਾਉਣ ‘ਤੇ ਵਿਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਜਿਊਸੈੱਪ ਕੋਂਤੇ ਨੇ ਕਿਹਾ ਕਿ ਉਹ ਸਾਲ ਦੇ ਸ਼ੁਰੂ ‘ਚ ਲਾਏ ਗਏ ਲਾਕਡਾਊਨ ਨੂੰ ਦੁਹਰਾਉਣ ਤੋਂ ਬਚਣਾ ਚਾਹੁੰਦੇ ਹਨ। ਹਾਲਾਂਕਿ, ਕਈ ਖੇਤਰਾਂ ‘ਚ ਰਾਤ ਦਾ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਇਟਲੀ ਸਰਕਾਰ ਜਲਦ ਹੀ ਹੋਰ ਜ਼ਿਆਦਾ ਉਪਾਵਾਂ ਦੀ ਵੀ ਘੋਸ਼ਣਾ ਕਰ ਸਕਦੀ ਹੈ।ਕੋਂਤੇ ਨੇ ਸ਼ਨੀਵਾਰ ਨੂੰ ਸੰਕਟ ਨਾਲ ਜੂਝ ਰਹੇ ਕਾਰੋਬਾਰਾਂ ਲਈ ਸਹਾਇਤਾ ‘ਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਪਰ ਕਿਹਾ ਕਿ ਅਗਲੇ ਹਫ਼ਤੇ ਕਾਫ਼ੀ ਮੁਸ਼ਕਲ ਭਰੇ ਹੋਣਗੇ। ਇਕ ਡਰਾਫਟ ਫਰਮਾਨ ਅਨੁਸਾਰ, ਜਨਤਕ ਜਿੰਮ ਤੇ ਸਵੀਮਿੰਗ ਪੂਲ ਬੰਦ ਹੋ ਸਕਦੇ ਹਨ ਅਤੇ ਬਾਰਾਂ ਤੇ ਰੈਸਟੋਰਾਂ ਨੂੰ ਸ਼ਾਮ 6 ਵਜੇ ਤੋਂ ਬੰਦ ਹੋਣ ਲਈ ਕਿਹਾ ਗਿਆ ਹੈ। ਉੱਥੇ ਹੀ, ਲੋਕਾਂ ਨੂੰ ਆਪਣੇ ਗ੍ਰਹਿ ਜ਼ਿਲ੍ਹੇ ਤੋਂ ਬਾਹਰ ਯਾਤਰਾ ਨਾ ਕਰਨ ਲਈ ਕਿਹਾ ਜਾਵੇਗਾ। ਇਟਲੀ ਦੀ ਸਰਕਾਰ ਆਰਥਿਕਤਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਪੱਖ ‘ਚ ਨਹੀਂ ਹੈ ਪਰ ਜਨਤਕ ਇਕੱਠਾਂ ਨੂੰ ਸੀਮਤ ਕਰਨ ਲਈ ਲਗਾਈਆਂ ਗਈਆਂ ਜਾ ਰਹੀਆਂ ਨਵੀਆਂ ਪਾਬੰਦੀਆਂ ‘ਤੇ ਉਸ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Share