ਇਟਲੀ ’ਚ ਭਾਰਤ ਦੇ ਕੋਵਿਡ-19 ਰੋਕੂ ਵੈਕਸੀਨ ਕੋਵੀਸ਼ੀਲਡ ਨੂੰ ਮਿਲੀ ਮਾਨਤਾ

618
Share

ਰੋਮ, 25 ਸਤੰਬਰ (ਪੰਜਾਬ ਮੇਲ)- ਇਟਲੀ ’ਚ ਭਾਰਤ ਵੱਲੋਂ ਉਤਪਾਦਿਤ ਕੋਵਿਡ-19 ਰੋਕੂ ਵੈਕਸੀਨ ‘ਕੋਵੀਸ਼ੀਲਡ’ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇਹ ਪੁਸ਼ਟੀ ਭਾਰਤੀ ਦੂਤਘਰ ਰੋਮ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ, ਜਿਸ ਵਿਚ ਇਹ ਕਿਹਾ ਗਿਆ ਹੈ ਕਿ ਭਾਰਤ ਦੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਆਪਣੇ ਹਮਰੁਤਬਾ ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸਪੇਰੈਂਜਾ ਨਾਲ ਨਿਰੰਤਰ ਇਸ ਟੀਕੇ ਸੰਬਧੀ ਗੱਲਬਾਤ ਕੀਤੀ, ਜਿਸ ਨੂੰ ਇਟਲੀ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਇਸ ਤੋਂ ਪਹਿਲਾਂ ਬਿ੍ਰਟੇਨ ਵੱਲੋਂ ਵੀ ਭਾਰਤੀ ਟੀਕੇ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਗਈ ਹੈ ਪਰ ਬਿ੍ਰਟੇਨ ਜਾਣ ਵਾਲੇ ਭਾਰਤੀ ਯਾਤਰੀ ਨੂੰ ਉੱਥੇ 14 ਦਿਨ ਲਈ ਇਕਾਂਤਵਾਸ ਰਹਿਣਾ ਹੋਵੇਗਾ। ਹੁਣ ਯੂਰਪੀਅਨ ਯੂਨੀਅਨ ਨੇ ਕੋਵੀਸ਼ੀਲਡ ਐਂਟੀ ਕੋਵਿਡ -19 ਟੀਕੇ ਲੁਆ ਕੇ ਆਉਣ ਵਾਲੇ ਯਾਤਰੀਆਂ ਲਈ ਗ੍ਰੀਨ ਪਾਸ ਪ੍ਰਮਾਣਿਤ ਸਬੂਤ ਵਜੋਂ ਸਵੀਕਾਰ ਕਰ ਲਿਆ ਹੈ। ਇਸ ਟੀਕੇ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਕੁੱਲ ਗਿਣਤੀ 19 ਹੋ ਗਈ ਹੈ। ਭਾਰਤੀ ਦੂਤਘਰ ਰੋਮ (ਇਟਲੀ) ਨੇ ਕਿਹਾ ਕਿ ਇਟਲੀ ਨੇ ਸੀਰਮ ਇੰਸਟੀਚਿਊਟ ਦੇ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ। ਦੂਤਘਰ ਨੇ ਟਵੀਟ ’ਚ ਕਿਹਾ, ‘ਕੋਵੀਸ਼ੀਲਡ ਟੀਕਾਕਰਨ ਕਰਾਉਣ ਵਾਲੇ ਕਾਰਡ ਧਾਰਕ ਹੁਣ ਗ੍ਰੀਨ ਪਾਸ ਦੇ ਯੋਗ ਹਨ। ਭਾਰਤ ਵਿਚ ਬਿ੍ਰਟਿਸ਼ ਹਾਈ ਕਮਿਸ਼ਨਰ ਅਲੈਕਸ ਐਲਿਸ ਨੇ ਕਿਹਾ, ‘ਕੋਵੀਸ਼ੀਲਡ ਕੋਈ ਸਮੱਸਿਆ ਨਹੀਂ ਹੈ। ਅਸੀਂ ਕੋਵਿਨ ਐਪ ਅਤੇ ਐੱਨ.ਐੱਚ.ਐੱਸ. ਐਪ ਦੇ ਨਿਰਮਾਤਾਵਾਂ ਨਾਲ, ਦੋਵਾਂ ਐਪਸ ਦੇ ਸਰਟੀਫਿਕੇਸ਼ਨ ਬਾਰੇ ਵਿਸਥਾਰਿਤ ਵਿਚਾਰ-ਵਟਾਂਦਰੇ ਕਰ ਰਹੇ ਹਾਂ।’ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਮੰਤਰੀ ਨੇ ਟਵਿੱਟਰ ’ਤੇ ਕਿਹਾ, ‘ਆਪਸੀ ਹਿੱਤ ਵਿਚ ਇਕਾਂਤਵਾਸ ਮੁੱਦੇ ਦੇ ਛੇਤੀ ਹੱਲ ਦੀ ਅਪੀਲ ਕੀਤੀ। ਕੋਵੀਸ਼ੀਲਡ ਨੂੰ ਇਟਲੀ ’ਚ ਮਾਨਤਾ ਮਿਲਣ ਨਾਲ ਭਾਰਤੀਆਂ ਨੇ ਸੁੱਖ ਦਾ ਸਾਹ ਲਿਆ ਹੈ।

Share