ਇਕ ਦਿਨ ਗਹਿਰੀ ਸੱਟ ਤੋਂ ਤੀਜੇ ਦਿਨ ਹੀ ਮੁੜ ਉਡਾਣ ਭਰੀ ਕਿਸਾਨ ਸੰਘਰਸ਼ ਨੇ

537
Share

ਜਲੰਧਰ, 31 ਜਨਵਰੀ (ਮੇਜਰ ਸਿੰਘ/ਪੰਜਾਬ ਮੇਲ)- 2 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੁਆਲੇ ਲੱਗੇ ਕਿਸਾਨ ਮੋਰਚਿਆਂ ‘ਚ ਵਾਪਰ ਰਹੀਆਂ ਘਟਨਾਵਾਂ ਤੇ ਲਏ ਜਾ ਰਹੇ ਫ਼ੈਸਲਿਆਂ ਨੇ ਬਹੁਤ ਸਾਰੇ ਵਿਸ਼ਲੇਸ਼ਕਾਂ ਤੇ ਰਾਜਸੀ ਵਿਆਖਿਆਕਾਰਾਂ ਨੂੰ ਹੈਰਾਨੀ ‘ਚ ਨਹੀਂ ਸਗੋਂ ਅਚੰਭੇ ਵਿਚ ਵੀ ਪਾਇਆ ਹੋਇਆ ਹੈ | 26 ਜਨਵਰੀ ਦੀ ਕਿਸਾਨ ਪਰੇਡ ਦੇ ਔਝੜੇ ਪੈਣ ਤੇ ਬਿਖਰ ਜਾਣ ਬਾਅਦ ਹਕੂਮਤ ਤੇ ਉਸ ਪੱਖੀ ਮੀਡੀਆ ਵਲੋਂ ਕਿਸਾਨ ਸੰਘਰਸ਼ ਪ੍ਰਤੀ ਪਹਿਲਾਂ ਤੋਂ ਹੀ ਚਲਾਈ ਜਾ ਰਹੀ ਬਦਨਾਮ ਕਰਨ ਦੀ ਮੁਹਿੰਮ ਨੂੰ ਏਨੀ ਤੇਜ਼ੀ ਨਾਲ ਧੁਆਇਆ ਕਿ ਸਰਕਾਰ ‘ਚ ਬੈਠੇ ਸਿਖਰ ਦੇ ਨੇਤਾਵਾਂ ਤੇ ਅਫ਼ਸਰਸ਼ਾਹੀ ਤੋਂ ਲੈ ਕੇ ਸੰਘਰਸ਼ ਹਮਾਇਤੀ ਹਿੱਸਿਆਂ ਵਿਚ ਵੀ ਵੱਡੀ ਪੱਧਰ ‘ਤੇ ਇਹ ਗੱਲ ਘਰ ਕਰ ਗਈ ਕਿ ਕਿਸਾਨ ਸੰਘਰਸ਼ ਬਾਜ਼ੀ ਹਾਰ ਗਿਆ ਹੈ ਤੇ ਇਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ | ਦਿੱਲੀ ਦੁਆਲੇ ਲੱਗੇ ਕੁਝ ਮੋਰਚਿਆਂ ਵਿਚ ਗਿਣਤੀ ਘਟਣ ਨੇ ਅਜਿਹੀ ਸੋਚ ਨੂੰ ਹੋਰ ਵੀ ਵੱਡਾ ਹੁਲਾਰਾ ਦਿੱਤਾ ਤੇ ਉਨ੍ਹਾਂ ਨੂੰ ਇਹ ਮੋਰਚਾ ਹੁਣ ਚੰਦ ਦਿਨਾਂ ਦੀ ਖੇਡ ਹੀ ਲੱਗਣ ਲੱਗਾ | ਸੰਘਰਸ਼ ਦੇ ਨਿਵਾਂਣਾਂ ਵੱਲ ਚਲੇ ਜਾਣ ਦੀ ਸੋਚ ਨੂੰ ਲੈ ਕੇ ਮੋਦੀ ਸਰਕਾਰ ਨਾਲ ਹੀ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੇ ਵੀ ਦਿੱਲੀ ਦੀਆਂ ਸਰਹੱਦਾਂ ਉੱਪਰ ਲੱਗੇ ਮੋਰਚਿਆਂ ਨੂੰ ਖਦੇੜਨ ਤੇ ਹਰਿਆਣਾ ਵਿਚ ਰੋਕੇ ਟੋਲ ਪਲਾਜ਼ਿਆਂ ਨੂੰ ਖੁਲ੍ਹਵਾਉਣ ਲਈ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ | ਹਰਿਆਣਾ ‘ਚ ਕਈ ਟੋਲ ਪਲਾਜ਼ੇ ਖੁਲ੍ਹਵਾ ਵੀ ਦਿੱਤੇ ਗਏ | 27-28 ਜਨਵਰੀ ਨੂੰ ਉੱਤਰ ਪ੍ਰਦੇਸ਼ ਵੱਲ ਲੱਗੇ ਮੋਰਚਿਆਂ ਨੂੰ ਖਦੇੜਨ ਲਈ ਪੁਲਿਸ ਸਰਗਰਮ ਹੋ ਗਈ | ਬਗਾਵਤ ਤੇ ਕਈ ਹੋਰ ਥਾੲੀਂ ਬੈਠੇ ਕਿਸਾਨਾਂ ਨੂੰ ਲਾਠੀਚਾਰਜ ਕਰਕੇ ਧਰਨੇ ਖ਼ਤਮ ਕਰਨ ਲਈ ਮਜਬੂਰ ਕਰ ਦਿੱਤਾ | ਉੱਤਰ ਪ੍ਰਦੇਸ਼ ਦੇ ਧੜਵੈਲ ਕਿਸਾਨ ਆਗੂ ਰਕੇਸ਼ ਟਿਕੈਤ ਦੀ ਅਗਵਾਈ ‘ਚ ਗਾਜ਼ੀਪੁਰ ‘ਚ ਲੱਗੇ ਧਰਨੇ ਨੂੰ ਸ਼ਾਮ ਤੱਕ ਸਮਾਪਤ ਕਰਨ ਲਈ 28 ਜਨਵਰੀ ਨੂੰ ਨੋਟਿਸ ਲਗਾ ਦਿੱਤੇ | ਬਹੁਤ ਸਾਰੇ ਕਿਸਾਨ ਇੱਥੋਂ ਚਲੇ ਵੀ ਗਏ | ਸ਼ਾਮ ਨੂੰ ਇੱਥੇ ਭਾਰੀ ਗਿਣਤੀ ਵਿਚ ਅਧਿਕਾਰੀ ਤੇ ਪੁਲਿਸ ਆ ਪਹੁੰਚੀ ਤੇ ਹਾਈਵੇ ਖ਼ਾਲੀ ਕਰਨ ਦਾ ਹੁਕਮ ਸੁਣਾਇਆ | ਮਸਾਂ 300 ਬਚੇ ਕਿਸਾਨਾਂ ਨਾਲ ਕਿਸਾਨ ਆਗੂ ਟਿਕੈਤ ਹਾਰ ਮੰਨਣ ਦੀ ਬਜਾਏ ਡਟ ਗਏ ਤੇ ਐਲਾਨ ਕੀਤਾ ਕਿ ਉਹ ਨਾ ਗਿ੍ਫ਼ਤਾਰੀ ਦੇਣਗੇ ਤੇ ਨਾ ਹੀ ਧਰਨਾ ਸਮਾਪਤ ਕਰਨਗੇ | ਜੇ ਪੁਲਿਸ ਨੇ ਜਬਰੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਫਾਂਸੀ ਲਗਾ ਲੈਣਗੇ | ਉਨ੍ਹਾਂ ਇਹ ਭਾਵੁਕ ਅਪੀਲ ਵੀ ਕੀਤੀ ਕਿ ਉਹ ਇੱਥੋਂ ਦਾ ਪਾਣੀ ਨਹੀਂ ਪੀਣਗੇ, ਆਪਣੇ ਪਿੰਡ ਤੋਂ ਕਿਸਾਨਾਂ ਵਲੋਂ ਲਿਆਂਦਾ ਪਾਣੀ ਹੀ ਪੀਣਗੇ | ਉਨ੍ਹਾਂ ਵਲੋਂ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਤੁਰੰਤ ਉੱਥੇ ਪੁੱਜਣ ਦੀ ਅਪੀਲ ਦਾ ਅਸਰ ਇਹ ਹੋਇਆ ਕਿ ਅੱਧੀ ਰਾਤ 12 ਵਜੇ ਤੱਕ ਪੁਲਿਸ ਅੱਗੇ ਡਟੇ ਖੜ੍ਹੇ ਟਿਕੈਤ ਦੀ ਹਮਾਇਤ ‘ਚ ਹਜ਼ਾਰਾਂ ਕਿਸਾਨਾਂ ਦਾ ਨਾਅਰੇ ਮਾਰਦਾ ਕਾਫ਼ਲਾ ਜਦ ਉੱਥੇ ਆ ਪੁੱਜਾ ਤਾਂ ਧਰਨਾ ਚੁੱਕਣ ਦੀ ਤਿਆਰੀ ‘ਚ ਖੜ੍ਹੀ ਪੁਲਿਸ ਤੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਕਿਸਾਨਾਂ ਦੇ ਪੁੱਜ ਰਹੇ ਇਕੱਠ ਮੂਹਰੇ ਸਰਕਾਰ ਦੀਆਂ ਇੱਛਾਵਾਂ ਧਰੀਆਂ-ਧਰਾਈਆਂ ਰਹਿ ਗਈਆਂ | ਕਿਸਾਨ ਆਗੂ ਟਿਕੈਤ ਦੀ ਇਕ ਭਾਵੁਕ ਅਪੀਲ ਨੇ ਤੀਜੇ ਦਿਨ ਹੀ ਪਾਸਾ ਪਲਟ ਕੇ ਰੱਖ ਦਿੱਤਾ ਅਤੇ ਦਿੱਲੀ ਦੁਆਲੇ ਲੱਗੇ ਮੋਰਚਿਆਂ ਵਿਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਉੱਤਰਾਖੰਡ ਤੋਂ ਮੁੜ ਕਾਫ਼ਲਿਆਂ ਦੇ ਪੁੱਜਣ ਨੇ ਇਨ੍ਹਾਂ ਦੀ ਮਜ਼ਬੂਤੀ ਵੀ ਵਧਾ ਦਿੱਤੀ ਹੈ ਤੇ ਹਰਿਆਣਾ ਦੇ ਖੁੱਲ੍ਹੇ ਟੋਲ ਪਲਾਜ਼ਿਆਂ ਵਿਚੋਂ ਬਹੁਤਿਆਂ ਉੱਪਰ ਮੁੜ ਲਾਂਘਾ ਮੁਫ਼ਤ ਕਰ ਦਿੱਤਾ ਹੈ ਤੇ ਧਰਨੇ ਲੱਗ ਗਏ ਹਨ | ਜਿਵੇਂ 26 ਨਵੰਬਰ ਨੂੰ ਦਿੱਲੀ ਚਲੋ ਦੇ ਸੱਦੇ ਉੱਪਰ ਪੰਜਾਬ ਤੋਂ ਬਾਅਦ ਹਰਿਆਣਾ ਇਸ ਸੰਘਰਸ਼ ਦੀ ਤਕੜੀ ਧਿਰ ਬਣ ਕੇ ਆ ਖੜ੍ਹਾ ਸੀ | ਉਸੇ ਤਰ੍ਹਾਂ 26 ਜਨਵਰੀ ਤੇ ਇਸ ਤੋਂ ਬਾਅਦ ਦੇ 2 ਦਿਨ ਦੀਆਂ ਕਿਸਾਨ ਘਟਨਾਵਾਂ ਨੇ ਉੱਤਰ ਪ੍ਰਦੇਸ਼ ਨੂੰ ਵੀ ਕਿਸਾਨ ਸੰਘਰਸ਼ ਦੀ ਮੂਹਰਲੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ ਤੇ ਨਿਵਾਂਣਾਂ ‘ਚ ਚਲੇ ਗਏ ਸੰਘਰਸ਼ ਦੇ ਮੁੜ ਅੰਗੜਾਈ ਭਰੀ ਹੈ | ਸੰਘਰਸ਼ ‘ਚ ਤੇਜ਼ੀ ਨਾਲ ਆਏ ਨਿਵਾਂਣ ਤੇ ਫਿਰ ਉਸ ਤੋਂ ਵੀ ਤੇਜ਼ੀ ਨਾਲ ਉਚਾਈ ਫੜਨ ਦਾ ਵਾਪਰਿਆ ਇਹ ਵਰਤਾਰਾ ਅਸਲੋਂ ਹੀ ਨਿਵੇਕਲਾ ਹੈ | ਇਹ ਘਟਨਾ ਆਮ ਪੈਮਾਨਿਆਂ ਨਾਲ ਮਾਪੀ ਜਾਣ ਵਾਲੀ ਨਹੀਂ ਸਗੋਂ ਸੰਘਰਸ਼ ਦੇ ਅਜੀਬ ਤਜਰਬਿਆਂ ਦੀ ਹੀ ਨਵੀਂ ਪੇਸ਼ੀਨਗੋਈ ਹੈ |
ਏਕਤਾ ਤੇ ਮੁੱਦਾ ਸੰਘਰਸ਼ ਦੀ ਜਾਨ
26 ਜਨਵਰੀ ਨੂੰ ਵੱਡੀ ਸੱਟ ਖਾਣ ਬਾਅਦ ਤੀਜੇ ਦਿਨ ਹੀ ਮੁੜ ਉੱਠ ਪੈਣਾ ਤੇ ਫਿਰ ਕਾਲੇ ਕਾਨੂੰਨਾਂ ਨੂੰ ਚੁਣੌਤੀ ਦੇਣ ਦਾ ਇਹ ਅਚੰਭੇ ਭਰਿਆ ਕਾਰਜ ਕਿਸੇ ਕੌਤਕ ਤੋਂ ਘੱਟ ਨਹੀਂ | ਕਿਸਾਨ ਸੰਘਰਸ਼ ਨਾਲ ਮੁੱਢ ਤੋਂ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਗਣਤੰਤਰ ਦਿਵਸ ਵਾਲੀ ਪਰੇਡ ਦੇ ਬਿਖਰ ਜਾਣ ਨਾਲ ਇਕਦਮ ਭੰਬਲਭੂਸਾ ਤੇ ਦੁਚਿੱਤੀ ਵਾਲੀ ਸਥਿਤੀ ਤਾਂ ਬਣ ਸੀ ਪਰ ਕਿਸਾਨ ਜਥੇਬੰਦੀਆਂ ਦੇ ਇਕਜੁੱਟ ਹੋ ਕੇ ਖੜ੍ਹੇ ਰਹਿਣ ਤੇ ਤਿੰਨ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੀ ਹੋਂਦ ਹੀ ਖ਼ਤਮ ਹੋਣ ਦੇ ਪੈਦਾ ਹੋਏ ਅਹਿਸਾਸ ਕਾਰਨ ਇਸ ਮੁੱਦੇ ਦੀ ਤਾਕਤ ਹੀ ਏਨੀ ਹੈ ਕਿ ਸਭ ਤਰ੍ਹਾਂ ਦੇ ਸੰਸ਼ੇ ਤੇ ਬਹਿਕਾਵੇ ਤਿੰਨ ਦਿਨਾਂ ਵਿਚ ਹੀ ਉੱਡ-ਪੁੱਡ ਗਏ ਤੇ ਦਿੱਲੀ ਨੇੜਲੇ ਰਾਜਾਂ ਤੋਂ ਜਿਸ ਤਰ੍ਹਾਂ ਕਿਸਾਨ ਕਾਫ਼ਲੇ ਮੁੜ ਦਿੱਲੀ ਵੱਲ ਵਹੀਰਾਂ ਘੱਤ ਕੇ ਚੱਲ ਪਏ ਹਨ, ਉਸੇ ਨਾਲ ਸੰਘਰਸ਼ ਨੂੰ ਇਕ ਨਵੀਂ ਊਰਜਾ ਤੇ ਮਜ਼ਬੂਤੀ ਮਿਲੀ ਹੈ |
ਅੰਦੋਲਨ ਦੇ ਕੇਂਦਰ ਤੇ ਲੀਡਰਸ਼ਿਪ ਦੇ ਨਵੇਂ ਸੰਕੇਤ
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦਾ ਕੇਂਦਰ ਬਿੰਦੂ 26 ਜਨਵਰੀ ਤੱਕ ਪੰਜਾਬ ਹੀ ਬਣਿਆ ਹੋਇਆ ਸੀ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਘਰਸ਼ ਬਾਰੇ ਲਏ ਜਾਂਦੇ ਰਹੇ ਫ਼ੈਸਲੇ ਅਸਲ ਵਿਚ ਪੰਜਾਬ ਦੀਆਂ ਜਥੇਬੰਦੀਆਂ ਵਲੋਂ ਲਏ ਗਏ ਫ਼ੈਸਲਿਆਂ ਦਾ ਮਹਿਜ਼ ਐਲਾਨ ਹੀ ਹੁੰਦਾ ਸੀ | ਕਿਸਾਨ ਸੰਘਰਸ਼ ਦੇ ਅੰਦਰਲੇ ਤੇ ਬਾਹਰਲੇ ਸੂਤਰਾਂ ਦਾ ਮੰਨਣਾ ਹੈ ਕਿ ਜਿਵੇਂ 26 ਨਵੰਬਰ ਨੇ ਹਰਿਆਣਾ ਨੂੰ ਜਗਾਇਆ ਸੀ, ਉਸ ਤੋਂ ਕਿਤੇ ਵੱਧ 26 ਜਨਵਰੀ ਨੇ ਉੱਤਰ ਪ੍ਰਦੇਸ਼ ਨੂੰ ਝੰਜੋੜਿਆ ਤੇ ਹਿਲਾਇਆ ਹੈ | ਇਸ ਦਿਨ ਤੋਂ ਬਾਅਦ ਕਿਸਾਨ ਸੰਘਰਸ਼ ਦੀ ਅਗਵਾਈ ਬਾਰੇ ਲੋਕਾਂ ਦੀਆਂ ਨਿਗਾਹਾਂ ਟਿਕੈਤ ਵੱਲ ਵਧੇਰੇ ਚਲੀਆਂ ਗਈਆਂ ਹਨ | ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਜਿਸ ਤਰ੍ਹਾਂ ਕਾਫ਼ਲੇ ਬੰਨ੍ਹ ਕੇ ਜਾਟ ਦਿੱਲੀ ਦੀਆਂ ਬਰੂੰਹਾਂ ਉੱਪਰ ਪੁੱਜ ਰਹੇ ਹਨ | ਉਸ ਨਾਲ ਸੰਘਰਸ਼ ਦੇ ਕੇਂਦਰ ‘ਚ ਸਿਰਫ਼ ਪੰਜਾਬ ਨਹੀਂ ਸਗੋਂ ਉਕਤ ਦੋਵੇਂ ਸੂਬੇ ਵੀ ਬਰਾਬਰ ਹੀ ਆ ਖੜ੍ਹੇ ਹਨ | ਦੋਵਾਂ ਸੂਬਿਆਂ ਦੇ ਲੋਕਾਂ ਦੀ ਸੰਘਰਸ਼ ਵਿਚ ਸ਼ਮੂਲੀਅਤ ਦੇ ਵਾਧੇ ਨਾਲ ਮੋਦੀ ਸਰਕਾਰ ਦੀ ਫਿਰਕੂ ਸਿਆਸਤ ਨੂੰ ਵੀ ਰੋਕ ਲੱਗੀ ਹੈ ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਮੁਹਿੰਮ ਨੂੰ ਵੀ ਠੱਲ੍ਹ ਪਈ ਹੈ | ਇਹ ਪਲ ਪੰਜਾਬ ਦੀ ਕਿਸਾਨ ਲੀਡਰਸ਼ਿਪ ਲਈ ਵੀ ਬੜੇ ਚੁਣੌਤੀ ਭਰੇ ਹਨ | ਪੰਜਾਬ ਦੇ ਸੰਘਰਸ਼ ‘ਚ ਕੱੁਦੇ ਕਿਸਾਨਾਂ ਵਿਚ ਜਿੱਥੇ ਟਿਕੈਤ ਦੀ ਭੂਮਿਕਾ ਦੀ ਰੱਜ ਕੇ ਪ੍ਰਸੰਸਾ ਹੋ ਰਹੀ ਹੈ ਉੱਥੇ ਪੰਜਾਬ ਕਿਸਾਨ ਲੀਡਰਸ਼ਿਪ ਦੀ ਪਿਛਲੇ 4 ਦਿਨ ਦੀ ਢਿੱਲੀ ਤੇ ਬੇਚਾਰਗੀ ਭਰੀ ਕਾਰਗੁਜ਼ਾਰੀ ਅਤੇ ਕੇਂਦਰ ਸਰਕਾਰ ਨਾਲ ਸੰਘਰਸ਼ ਉੱਪਰ ਕੇਂਦਰਿਤ ਰਹਿਣ ਦੀ ਬਜਾਏ ਆਪਸੀ ਮਤਭੇਦਾਂ ਨੂੰ ਉਭਾਰਨ ਉੱਪਰ ਸਵਾਲ ਉੱਠ ਰਹੇ ਹਨ |


Share