ਇਕਾਂਤਵਾਸ ਕੇਂਦਰ ‘ਚ ਪ੍ਰਵਾਸੀਆਂ ਦੀ ਆਮਦ ਜਾਰੀ

997
Share

ਖਡੂਰ ਸਾਹਿਬ, 23 ਜੂਨ (ਪੰਜਾਬ ਮੇਲ)- ਸ੍ਰੀ ਗੁਰੂ ਅੰਗਦ ਦੇਵ ਕਾਲਜ ਨਾਲ ਸੰਬੰਧਤ ਹੋਸਟਲ ਵਿਚ ਕਾਇਮ ਕੀਤੇ ਗਏ ਇਕਾਂਤਵਾਸ ਕੇਂਦਰ ‘ਚ ਪ੍ਰਵਾਸੀ ਪੰਜਾਬੀਆਂ ਦੀ ਆਮਦ ਜਾਰੀ ਹੈ। ਪਿਛਲੇ ਇਕ ਦੋ ਦਿਨਾਂ ਵਿਚ ਕੈਨੇਡਾ, ਆਸਟਰੇਲੀਆ, ਮਲੇਸ਼ੀਆ ਅਤੇ ਸਿੰਗਾਪੁਰ ਜਿਹੇ ਮੁਲਕਾਂ ਤੋਂ 14 ਪ੍ਰਵਾਸੀ ਪੰਜਾਬੀ ਖਡੂਰ ਸਾਹਿਬ ਪਹੁੰਚੇ ਹਨ।
ਇਨ੍ਹਾਂ ਪ੍ਰਵਾਸੀ ਭਰਾਵਾਂ ਦੀ ਸਾਂਭ-ਸੰਭਾਲ ਵਾਲੀ ਕਾਰਸੇਵਾ ਖਡੂਰ ਸਾਹਿਬ ਦੀ ਟੀਮ ਦੇ ਆਗੂ ਭਾਈ ਨਿਰਮਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਚਾਰ ਅਸਟਰੇਲੀਆ, 5 ਕੈਨੇਡਾ, 5 ਸਿੰਗਾਪੁਰ ਅਤੇ ਇਕ ਮਲੇਸ਼ੀਆ ਤੋਂ ਪਰਤਿਆ ਹੈ। ਇਨ੍ਹਾਂ ਵਿਚ ਚਾਰ ਬੀਬੀਆਂ ਵੀ ਸ਼ਾਮਲ ਹਨ। ਕੈਨੇਡਾ ਤੋਂ ਪਰਤੇ ਬੀਬੀ ਰਾਜਵਿੰਦਰ ਕੌਰ ਨੇ ਪਿਛਲੇ ਹਫਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸ਼ੁਰੂ ਕੀਤੇ ਸਨ ਅਤੇ ਬੀਤੇ ਦਿਨੀਂ ਇਸ ਦੇ ਸੰਪੂਰਨ ਭੋਗ ਪਾਏ ਗਏ। ਇਨ੍ਹਾਂ ਸਾਰੇ ਪ੍ਰਵਾਸੀ ਵੀਰਾਂ ਨੇ ਕਾਰਸੇਵਾ ਖਡੂਰ ਸਾਹਿਬ ਵਲੋਂ ਇਕਾਂਤਵਾਸ ਕੇਂਦਰ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ। ਕੈਨਡਾ ਤੋਂ ਪਰਤੇ ਪਿੰਡ ਮੁਗਲਾਣੀ ਦੇ ਸ. ਬਲਦੇਵ ਸਿੰਘ ਅਤੇ ਪਿੰਡ ਚੀਮਾ ਦੇ ਜਗਜੀਤ ਸਿੰਘ ਨੇ ਕਿਹਾ ਕਿ ਕਾਰਸੇਵਾ ਖਡੂਰ ਸਾਹਿਬ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ ਹਨ।


Share