ਆਸਟ੍ਰੇਲੀਆ ਦੇ ਵਿਕਟੋਰੀਆ ‘ਚ ਕੋਰੋਨਾਵਾਇਰਸ ਸੰਬੰਧੀ ਨਵੇਂ ਨਿਯਮ ਹੋਣਗੇ ਲਾਗੂ

644

ਵਿਕਟੋਰੀਆ, 11 ਅਕਤੂਬਰ (ਪੰਜਾਬ ਮੇਲ)- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਐਤਵਾਰ ਤੋਂ ਤਾਲਾਬੰਦੀ ਪਾਬੰਦੀਆਂ ਵਿਚ ਕੁਝ ਬਦਲਾਅ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਾਬੰਦੀਆਂ ਵਿਚ ਢਿੱਲ ਦੇਣ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਕੁਝ ਨਵੇਂ ਨਿਯਮ ਵੀ ਲਾਗੂ ਹੋਣ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਜੇਕਰ ਕੋਈ ਵਿਅਕਤੀ ਕਿਸੇ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਨੂੰ ਇਕਾਂਤਵਾਸ ਹੋਣ ਦੇ 11ਵੇਂ ਦਿਨ ਕੋਰੋਨਾ ਦਾ ਟੈਸਟ ਕਰਵਾਉਣ ਲਈ ਕਿਹਾ ਜਾਵੇਗਾ। ਭਾਵ ਹੁਣ ਲੋਕ ਪਹਿਲਾਂ ਇਕਾਂਤਵਾਸ ਦੇ ਨਿਯਮਾਂ ਵਿਚ ਰਹਿਣਗੇ ਤੇ ਫਿਰ ਟੈਸਟ ਹੋਣਗੇ। ਉਨ੍ਹਾਂ ਕਿਹਾ ਕਿ ਹੁਣ ਵਾਧੂ ਟੈਸਟਿੰਗ ਲਾਜ਼ਮੀ ਨਹੀਂ ਹੋਵੇਗੀ। ਮੰਨ ਲਓ ਕਿ ਜੇਕਰ ਕੋਈ ਵਿਅਕਤੀ ਆਪਣੇ ਇਕਾਂਤਵਾਸ ਦੇ 11ਵੇਂ ਦਿਨ ਵੀ ਕੋਰੋਨਾ ਦਾ ਟੈਸਟ ਕਰਵਾਉਣ ਲਈ ਤਿਆਰ ਨਹੀਂ ਹੁੰਦਾ ਤਾਂ ਉਸ ਦੇ ਇਕਾਂਤਵਾਸ ਨੂੰ 10 ਹੋਰ ਦਿਨਾਂ ਲਈ ਵਧਾ ਦਿੱਤਾ ਜਾਵੇਗਾ। ਇਹ ਨਵਾਂ ਨਿਯਮ ਉਦੋਂ ਲਾਗੂ ਹੋਣ ਜਾ ਰਿਹਾ ਹੈ ਜਦੋਂ ਚੈਡਸਟੋਨ ਸ਼ਾਪਿੰਗ ਸੈਂਟਰ, ਕਿਲਮੋਰ ਅਤੇ ਬਾਕਸ ਹਿਲ ਹਸਪਤਾਲ ਵਿਚ ਕੋਰੋਨਾ ਦੇ ਮਾਮਲੇ ਮਿਲੇ ਹਨ।
ਜੇਕਰ ਕੋਈ ਵਪਾਰਕ ਅਦਾਰਾ ਕੋਰੋਨਾ ਪਾਬੰਦੀਆਂ ਵਿਚ ਅਣਗਹਿਲੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 10 ਹਜ਼ਾਰ ਡਾਲਰ ਤਕ ਦਾ ਜੁਰਮਾਨਾ ਹੋ ਸਕਦਾ ਹੈ।