ਆਸਟ੍ਰੇਲੀਆ ਦੇ ਪਹਿਲੇ ਗੁਰਦਆਰਾ ਸਾਹਿਬ ਨੂੰ ਮਿਲਿਆ ਵਿਰਾਸਤੀ ਸਥਾਨ ਦਾ ਦਰਜਾ

465
Share

ਮੈਲਬੌਰਨ, 23 ਅਕਤੂਬਰ (ਪੰਜਾਬ ਮੇਲ)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿਚ ਵਲਗੂਲਗਾ ਵਿਖੇ ਸਥਾਪਤ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਨੂੰ ਸੂਬੇ ਦੀ ਸਰਕਾਰ ਵਲੋਂ ਵਿਰਾਸਤੀ ਲੜੀ ਵਿਚ ਸ਼ਾਮਲ ਕਰ ਲਿਆ ਗਿਆ ਹੈ। 1960 ਵਿਚ ਵਲਗੂਲਗਾ ਦੇ ਤਿੰਨ ਸਿੱਖਾਂ ਵਲੋਂ ਭਾਈਚਾਰੇ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਗੁਰੂ ਘਰ ਦੀ ਸਥਾਪਨਾ ਕੀਤੀ ਗਈ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅੱਧੀ ਸਦੀ ਬਾਅਦ ਇਸ ਗੁਰਦੁਆਰਾ ਸਾਹਿਬ ਨੂੰ ਸਰਕਾਰ ਵਲੋਂ ਵਿਰਾਸਤੀ ਜਗ੍ਹਾ ਵਜੋਂ ਮਾਨਤਾ ਦਿੱਤੀ ਜਾਵੇਗੀ। ਪਿਛਲੇ ਹਫਤੇ ਹੀ ਕਾਫਸ ਹਾਰਬਰ ਨੇੜੇ ਸਥਿਤ ਆਸਟ੍ਰੇਲੀਆ ਦੇ ਇਸ ਪਹਿਲੇ ਗੁਰੂ ਘਰ ਨੂੰ ਸੂਬਾ ਸਰਕਾਰ ਵਲੋਂ ਸੂਬੇ ਦੇ ਵਿਰਾਸਤੀ ਰਜਿਸਟਰ ਵਿਚ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਸੂਬੇ ਦੇ ਵਿਰਾਸਤ ਮੰਤਰੀ ਨੇ ਕਿਹਾ ਕਿ “ਨਿਊ ਸਾਊਥ ਵੇਲਜ਼ ਸੂਬੇ ਵਿਚ ਉਸ ਸਮੇਂ ਪੱਕੇ ਤੌਰ ‘ਤੇ ਵਸਣ ਆਏ ਪ੍ਰਵਾਸੀ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਸਥਾਪਿਤ ਇਸ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਸੱਭਿਆਚਾਰਕ ਇਤਿਹਾਸ ਹੈ।” ਗੁਰਦੁਆਰਾ ਸਾਹਿਬ ਦੇ ਜਨਤਕ ਅਫਸਰ ਅਮਨਦੀਪ ਸਿੰਘ ਸਿੱਧੂ ਨੇ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਵਸਣ ਵਾਲੇ ਸਿੱਖ ਭਾਈਚਾਰੇ ਲਈ ਇਸਨੂੰ ਇਕ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਅਸਲ ਵਿਚ ਗੁਰਦੁਆਰਾ ਸਾਹਿਬ ਦੀ 1968 ਵਿੱਚ ਬਣੀ ਇਮਾਰਤ ਨੂੰ ਵਿਰਾਸਤੀ ਲੜੀ ਵਿਚ ਸ਼ਾਮਲ ਕਰਨ ਲਈ ਪਹਿਲ ਕੀਤੀ ਗਈ ਸੀ ਪਰ ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਅਤੇ ਬਾਕੀ ਖੇਤਰ ਨੂੰ ਵੀ ਵਿਰਾਸਤੀ ਥਾਂ ਦਾ ਦਰਜਾ ਦੇ ਦਿੱਤਾ ਗਿਆ। ਅਮਨਦੀਪ ਸਿੰਘ ਸਿੱਧੂ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਾਰੇ 2013 ਤੋਂ ਹੀ ਅਰਜ਼ੀ ਦਿੱਤੀ ਗਈ ਸੀ ਅਤੇ ਸਰਕਾਰ ਵਲੋਂ ਇਸਦੀ ਇਤਿਹਾਸਿਕ ਮਹੱਤਤਾ , ਭਾਈਚਾਰੇ ਦੀ ਭਰੋਸੇਯੋਗਤਾ, ਇਸ ਸਾਰੇ ਖੇਤਰ ਅਤੇ ਇਮਾਰਤ ਦਾ ਜਾਇਜ਼ਾ ਲੈਣ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਅਜਿਹਾ ਸੰਭਵ ਹੋਇਆ ਹੈ।


Share