‘ਆਸਟ੍ਰੇਲੀਆ ਦੀਆਂ ਸਰਹੱਦਾਂ ਅਣਮਿੱਥੇ ਸਮੇਂ ਲਈ ਰਹਿਣਗੀਆਂ ਬੰਦ’

4022
ਕੈਨਬਰਾ, 10 ਮਈ (ਪੰਜਾਬ ਮੇਲ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਦੇਸ਼ ਦੀਆਂ ਸਰਹੱਦਾਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਮੌਰੀਸਨ ਨੇ ਇਕ ਮੀਡੀਆ ਇੰਟਰਵਿਊ ’ਚ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਦੇਸ਼ ਦੀਆਂ ਸਰਹੱਦਾਂ ਮੁੜ ਖੋਲ੍ਹਣ ਦੀ ਕੋਈ ‘‘ਜਲਦੀ’’ ਨਹੀਂ ਹੈ ਕਿਉਂਕਿ ਕੋਵਿਡ-19 ਦੁਨੀਆਂ ਭਰ ਵਿਚ ਫੈਲ ਰਿਹਾ ਹੈ।’’
ਮੌਰੀਸਨ ਮੁਤਾਬਕ, ਮੈਨੂੰ ਫਿਲਹਾਲ ਸਰਹੱਦਾਂ ਖੋਲ੍ਹਣ ਦੀ ਕੋਈ ਜਲਦੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇਸ ਸਮੇਂ ਜੋ ਵੇਖ ਰਹੇ ਹਾਂ, ਉਹ ਲੋਕਾਂ ਦੀ ਸ਼ਲਾਘਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘‘ਮੈਨੂੰ ਪਤਾ ਹੈ ਕਿ ਇਕ ਵਾਰ ਜੇਕਰ ਅਸੀਂ ਇਸ ਬੀਮਾਰੀ ਮਤਲਬ ਕੋਵਿਡ-19 ਨੂੰ ਦੁਬਾਰਾ ਅੰਦਰ ਆਉਣ ਦੇਵਾਂਗੇ, ਤਾਂ ਅਸੀਂ ਇਸ ਨੂੰ ਬਾਹਰ ਨਹੀਂ ਕੱਢ ਸਕਾਂਗੇ।’’ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਇਕ ਵਾਰ ਬਾਲਗਾਂ ਨੂੰ ਵਾਇਰਸ ਖ਼ਿਲਾਫ਼ ਟੀਕੇ ਲੱਗ ਜਾਣ ਤੋਂ ਬਾਅਦ ਸਰਹੱਦਾਂ ਮੁੜ ਖੋਲ੍ਹੀਆਂ ਜਾਣਗੀਆਂ। ਹਾਲਾਂਕਿ, ਮੌਰੀਸਨ ਨੇ ਕਿਹਾ ਕਿ ਉਹ ਗਾਰੰਟੀ ਨਹੀਂ ਦੇ ਸਕਦੇ ਕਿ ਅਜਿਹਾ ਹੀ ਹੋਵੇਗਾ।
ਮੌਰੀਸਨ ਨੇ ਕਿਹਾ ਕਿ ਅਜੇ ਤੱਕ ਕਾਫ਼ੀ ਕਲੀਨਿਕਲ ਸਬੂਤ ਨਹੀਂ ਹਨ, ਜੋ ਸਾਨੂੰ ਦੱਸਦੇ ਹਨ ਕਿ ਪ੍ਰਸਾਰਣ ਰੋਕਿਆ ਜਾ ਸਕਦਾ ਹੈ। ਮੌਰੀਸਨ ਮੁਤਾਬਕ, ‘‘ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆਈ ਇਹ ਯਕੀਨੀ ਕਰਨਾ ਚਾਹੁੰਦੇ ਹਨ ਕਿ ਇਸ ਸਮੇਂ ਅਸੀਂ ਜਿਸ ਤਰੀਕੇ ਨਾਲ ਜੀਅ ਰਹੇ ਹਾਂ, ਉਸ ਸਥਿਤੀ ਨੂੰ ਬਣਾਈ ਰੱਖਿਆ ਜਾਵੇ।’’ ਐਤਵਾਰ ਸਵੇਰ ਤੱਕ ਆਸਟ੍ਰੇਲੀਆ ਵਿਚ 2.63 ਮਿਲੀਅਨ ਟੀਕੇ ਲਗਵਾਏ ਗਏ ਸਨ, ਜਦੋਂਕਿ ਕੋਵਿਡ-19 ਕੇਸਾਂ ਦੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਕ੍ਰਮਵਾਰ 29,906 ਅਤੇ 910 ਰਹੀ। ਸਰਕਾਰ ਨੇ ਸ਼ੁਰੂ ਵਿਚ ਅਕਤੂਬਰ ਤੱਕ ਸਾਰੀ ਆਬਾਦੀ ਨੂੰ ਟੀਕਾ ਲਗਾਉਣ ਦੀ ਯੋਜਨਾ ਬਣਾਈ ਸੀ ਪਰ ਸੀਮਤ ਸਪਲਾਈ ਕਾਰਨ ਟੀਕਾਕਰਨ ਦਾ ਮੁੱਢਲਾ ਪੜਾਅ ਸਮੇਂ ਸਿਰ ਪੂਰੇ ਨਹੀਂ ਹੋ ਸਕਿਆ। ਇਸ ਦੌਰਾਨ ਮੌਰੀਸਨ ਨੇ ਕਿਹਾ ਕਿ ਸਰਕਾਰ ਇਸ ’ਤੇ ਕੰਮ ਕਰ ਰਹੀ ਹੈ ਕਿ ਟੀਕੇ ਲਗਵਾਉਣ ਵਾਲੇ ਲੋਕਾਂ ਨੂੰ ਕਿਵੇਂ ਵਧੇਰੇ ਆਜ਼ਾਦੀ ਦਿੱਤੀ ਜਾ ਸਕਦੀ ਹੈ।