ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਵਿਅਕਤੀ ਵੱਲੋਂ 6 ਸਾਲਾ ਧੀ ਤੇ ਪਤਨੀ ਦਾ ਕਤਲ

1544
ਮੁਲਜ਼ਮ ਪ੍ਰਬਲ ਰਾਜ ਸ਼ਰਮਾ ਦੀ ਕਤਲ ਕੀਤੀ ਗਈ 6 ਸਾਲ ਧੀ ਅਤੇ ਪਤਨੀ ਨਾਲ ਪੁਰਾਣੀ ਤਸਵੀਰ।
Share

-ਪੁਲਿਸ ਵੱਲੋਂ ਦੋਸ਼ੀ ਗਿ੍ਰਫ਼ਤਾਰ
ਮੈਲਬਰਨ, 15 ਜਨਵਰੀ (ਪੰਜਾਬ ਮੇਲ)- ਇੱਥੋਂ ਦੇ ਉੱਤਰ-ਪੂਰਬੀ ਇਲਾਕੇ ਮਿੱਲ ਪਾਰਕ ’ਚ ਪੁਲਿਸ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਆਪਣੀ 6 ਸਾਲਾ ਧੀ ਅਤੇ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰਬਲ ਰਾਜ ਸ਼ਰਮਾ (40) ਨੂੰ ਬੀਤੀ ਰਾਤ ਆਪਣੀ ਪਤਨੀ ਪੂਨਮ ਸ਼ਰਮਾ (39) ਅਤੇ ਬੱਚੀ ਵਿਨਿਸ਼ਾ (6) ਨੂੰ ਘਰ ਵਿਚ ਹੀ ਚਾਕੂ ਮਾਰ ਦੇ ਕਤਲ ਕਰਨ ਦੀ ਘਟਨਾ ਮਗਰੋਂ ਗਿ੍ਰਫਤਾਰ ਕੀਤਾ ਗਿਆ। ਇਸ ਮੌਕੇ ਉਸ ਦੀ 10 ਸਾਲਾ ਧੀ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਆਪਣੀ ਮਾਂ ਪੂਨਮ ਦੀ ਮਦਦ ਲਈ ਗੁਆਂਢੀਆਂ ਦਾ ਦਰਵਾਜ਼ਾ ਖੜਕਾਇਆ ਪਰ ਡੂੰਘੇ ਜ਼ਖਮਾਂ ਕਾਰਨ ਪੂਨਮ ਦੀ ਥੋੜੀ ਦੇਰ ਵਿਚ ਹੀ ਮੌਤ ਹੋ ਗਈ, ਜਦਕਿ ਉਸ ਦੀ 6 ਸਾਲਾ ਧੀ ਵਿਨਿਸ਼ਾ ਦੀ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ ਲਿਜਾਂਦੇ ਹੋਏ ਰਾਹ ਵਿਚ ਮੌਤ ਹੋ ਗਈ।
ਪੁਲਿਸ ਨੇ ਮੁਲਜ਼ਮ ਪ੍ਰਬਲ ਰਾਜ ਸ਼ਰਮਾ ਨੂੰ ਗਿ੍ਰਫਤਾਰ ਕਰ ਲਿਆ ਹੈ। ਉਸ ਨੂੰ ਫਿਲਹਾਲ ਨੇੜਲੇ ਹਸਪਤਾਲ ਵਿਚ ਨਿਗਰਾਨੀ ਹੇਠ ਰੱਖਿਆ ਗਿਆ ਹੈ। ਮੁੱਢਲੀ ਪੜਤਾਲ ਵਿਚ ਇਸ ਦੁੱਖਦਾਈ ਘਟਨਾ ਦਾ ਕਾਰਨ ਘਰੇਲੂ ਝਗੜਾ ਸਾਹਮਣੇ ਆ ਰਿਹਾ ਹੈ ਪਰ ਪੁਲਿਸ ਮੁਤਾਬਕ ਮੁਲਜ਼ਮ ਕੋਲੋਂ ਪੁੱਛਗਿਛ ਕਰ ਕੇ ਹੀ ਅਸਲੀਅਤ ਦਾ ਪਤਾ ਲੱਗ ਸਕੇਗਾ।

Share