ਆਸਟਰੇਲੀਆ ਵੱਲੋਂ ਜੂਲੀਅਨ ਅਸਾਂਜ ਮਾਮਲੇ ਸੰਬਧੀ ਅਮਰੀਕਾ ਨੂੰ ਜਨਤਕ ਅਪੀਲ ਕਰਨ ਦੀ ਮੰਗ ਖਾਰਜ

217
ਐਂਥਨੀ ਐਲਬਨੀਜ਼, ਜੂਲੀਅਨ ਅਸਾਂਜ
Share

ਪ੍ਰਧਾਨ ਮੰਤਰੀ ਨੇ ਬਾਇਡਨ ਨਾਲ ਗੱਲਬਾਤ ਸਬੰਧੀ ਨਹੀਂ ਦਿੱਤਾ ਕੋਈ ਜਵਾਬ
ਕੈਨਬਰਾ (ਆਸਟਰੇਲੀਆ), 21 ਜੂਨ (ਪੰਜਾਬ ਮੇਲ)- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵਿਕੀਲੀਕਸ ਦੇ ਸੰਸਥਾਪਕ ਅਤੇ ਆਸਟਰੇਲਿਆਈ ਨਾਗਰਿਕ ਜੂਲੀਅਨ ਅਸਾਂਜ ਖ਼ਿਲਾਫ਼ ਮੁਕੱਦਮਾ ਨਾ ਚਲਾਉਣ ਸਬੰਧੀ ਅਮਰੀਕਾ ਨੂੰ ਜਨਤਕ ਅਪੀਲ ਕਰਨ ਦੀ ਮੰਗ ਖਾਰਜ ਕਰ ਦਿੱਤੀ।
ਬਰਤਾਨਵੀ ਸਰਕਾਰ ਨੇ ਪਿਛਲੇ ਹਫ਼ਤੇ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸਾਂਜ ਨੂੰ ਅਮਰੀਕਾ ਹਵਾਲੇ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਦੇ ਬਾਅਦ ਤੋਂ ਹੀ ਆਸਟਰੇਲੀਆ ’ਤੇ ਮਾਮਲੇ ’ਚ ਦਖ਼ਲ ਦੇਣ ਦਾ ਦਬਾਅ ਬਣ ਰਿਹਾ ਹੈ। ਐਲਬਨੀਜ਼ ਨੇ ਹਾਲਾਂਕਿ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਕੋਈ ਗੱਲ ਕੀਤੀ ਹੈ ਜਾਂ ਨਹੀਂ। ਐਲਬਨੀਜ਼ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਕੁਝ ਲੋਕਾਂ ਨੂੰ ਲੱਗਦਾ ਹੈ ਜੇਕਰ ਤੁਸੀਂ ਟਵਿੱਟਰ ’ਤੇ ਵੱਡੇ-ਵੱਡੇ ਅੱਖਰਾਂ ਵਿਚ ਕੁਝ ਕਹੋਗੇ, ਤਾਂ ਇਸ ਨਾਲ ਉਸ ਗੱਲ ਦੀ ਅਹਿਮੀਅਤ ਵਧ ਜਾਵੇਗੀ ਪਰ ਅਜਿਹਾ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੈਂ ਇਕ ਅਜਿਹੀ ਸਰਕਾਰ ਦੀ ਅਗਵਾਈ ਕਰਨ ਦਾ ਇਰਾਦਾ ਰੱਖਦਾ ਹਾਂ, ਜਿਸ ਦੇ ਸਾਡੇ ਸਹਿਯੋਗੀਆਂ ਨਾਲ ਕੂਟਨੀਤਕ ਤੇ ਚੰਗੇ ਸਬੰਧ ਹੋਣ।’’ ਉਧਰ, ਅਟਾਰਨੀ ਜਨਰਲ ਮਾਰਕ ਡਰੈਫਸ ਤੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਬਰਤਾਨਵੀ ਸਰਕਾਰ ਦੇ ਫ਼ੈਸਲੇ ’ਤੇ ਕਿਹਾ ਕਿ ਅਸਾਂਜ ਦਾ ‘ਮਾਮਲਾ ਬਹੁਤ ਲੰਬਾ ਖਿਚ ਗਿਆ ਹੈ ਅਤੇ ਹੁਣ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਆਪਣੇ ਵਿਚਾਰ ਬਰਤਾਨਵੀ ਤੇ ਅਮਰੀਕੀ ਸਰਕਾਰਾਂ ਤੱਕ ਪਹੁੰਚਾਉਣਾ ਜਾਰੀ ਰੱਖਣਗੇ।
ਅਸਾਂਜ ਦੀ ਪਤਨੀ ਸਟੈਲਾ ਅਸਾਂਜ ਨੇ ਵੀ ਆਸਟਰੇਲਿਆਈ ਸਰਕਾਰ ਕੋਲੋਂ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ‘ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨਾਲ ਗੱਲਬਾਤ ਦੌਰਾਨ ਕਿਹਾ, ‘‘ਆਸਟਰੇਲੀਆ ਸਰਕਾਰ ਇਸ ਮਾਮਲੇ ਨੂੰ ਬੰਦ ਕਰਨ ਲਈ ਆਪਣੇ ਨੇੜਲੇ ਸਹਿਯੋਗੀ ਨਾਲ ਗੱਲ ਕਰ ਸਕਦੀ ਹੈ ਅਤੇ ਉਸ ਨੂੰ ਕਰਨੀ ਵੀ ਚਾਹੀਦੀ ਹੈ।’’

Share