ਆਸਟਰੇਲੀਆ ਨੇ ਸ਼ਰਨਾਰਥੀ ਵੀਜ਼ਾ ਪ੍ਰਣਾਲੀ ’ਚ ਅਫ਼ਗਾਨ ਸਿੱਖਾਂ ਨੂੰ ਕੀਤਾ ਸ਼ਾਮਲ

3211
ਅਫ਼ਗਾਨਿਸਤਾਨ ’ਚ ਸਿੱਖਾਂ ਦੀ ਸਥਿਤੀ ਨੂੰ ਬਿਆਨਦੀ ਇਕ ਤਸਵੀਰ।
Share

-ਤਿੰਨ ਹਜ਼ਾਰ ਅਫ਼ਗਾਨ ਨਾਗਰਿਕ ਅਤੇ 200 ਸਿੱਖਾਂ ਨੂੰ ਵਸਾਉਣ ਦੀ ਯੋਜਨਾ
ਸਿਡਨੀ, 18 ਅਕਤੂਬਰ (ਪੰਜਾਬ ਮੇਲ)- ਆਸਟਰੇਲੀਆ ਸਰਕਾਰ ਨੇ ਆਪਣੇ ਸ਼ਰਨਾਰਥੀ ਵੀਜ਼ਾ ਪ੍ਰਣਾਲੀ ’ਚ ਹੁਣ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਵੀ ਸ਼ਾਮਲ ਕੀਤਾ ਹੈ। ਸ਼ੁਰੂਆਤੀ ਤੌਰ ’ਤੇ ਕਰੀਬ ਤਿੰਨ ਹਜ਼ਾਰ ਅਫ਼ਗਾਨ ਨਾਗਰਿਕਾਂ ਨੂੰ ਆਸਟਰੇਲੀਆ ’ਚ ਵਸਾਉਣ ਦੀ ਯੋਜਨਾ ਹੈ। ਸੂਤਰਾਂ ਅਨੁਸਾਰ ਇਸ ਵਿਚ ਕਰੀਬ 200 ਸਿੱਖ ਵੀ ਸ਼ਾਮਲ ਹਨ।
ਆਵਾਸ, ਨਾਗਰਿਕਤਾ, ਪ੍ਰਵਾਸੀ ਸੇਵਾਵਾਂ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਅਲੈਕਸ ਹਾਕ ਨੇ ਇਸ ਸਬੰਧੀ ਸਿੱਖ ਭਾਈਚਾਰੇ ਦੇ ਆਗੂ ਰਣਦੀਪ ਸਿੰਘ ਗਰੇਵਾਲ ਨੂੰ ਲਿਖੇ ਪੱਤਰ ਵਿਚ ਦੱਸਿਆ ਕਿ ਮਾਨਵਤਾਵਾਦੀ ਪ੍ਰੋਗਰਾਮ ’ਚ ਆਸਟਰੇਲੀਆ ਨੇ ਆਪਣੇ ਸਾਲਾਨਾ ਸ਼ਰਨਾਰਥੀ ਵੀਜ਼ੇ ’ਚ 13,750 ਸਥਾਨ ਪ੍ਰਦਾਨ ਕੀਤੇ ਹਨ। ਸਾਲ 2021-22 ’ਚ ਹੋਰ ਵਾਧੇ ਦੀ ਉਮੀਦ ਹੈ। ਮੰਤਰੀ ਅਨੁਸਾਰ ਅਫ਼ਗਾਨ ਨਾਗਰਿਕਾਂ ਲਈ ਪ੍ਰੋਗਰਾਮ ਦੀ ਵੰਡ ਦੇ ਅੰਦਰ ਲਿਤਾੜੇ ਜਾਂ ਸਤਾਏ ਜਾਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਖਾਸ ਕਰ ਘੱਟਗਿਣਤੀਆਂ, ਔਰਤਾਂ, ਬੱਚੇ ਅਤੇ ਉਹ ਵੀ ਜਿਨ੍ਹਾਂ ਦਾ ਆਸਟਰੇਲੀਆ ਨਾਲ ਸਬੰਧ ਹੈ। ਅਫ਼ਗਾਨਿਸਤਾਨ ਦੇ ਉਹ ਨਾਗਰਿਕ ਜੋ ਮਨੁੱਖਤਾਵਾਦੀ ਵੀਜ਼ੇ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਅਤੇ ਆਸਟਰੇਲੀਆ ਦੀ ਸਹਾਇਤਾ ਲੈਣੀ ਚਾਹੁੰਦੇ ਹਨ, ਅਰਜ਼ੀ ਦਾਖ਼ਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵਿਚ ਘੱਟਗਿਣਤੀ ਸਿੱਖ ਭਾਈਚਾਰੇ ’ਤੇ ਵੀ ਹਮਲੇ ਹੋਣ ਦੀਆਂ ਰਿਪੋਰਟਾਂ ਹਨ।

Share