ਆਸਟਰੇਲੀਆ ਨੇ ਪੂਰੀ ਵੈਕਸੀਨ ਵਾਲੇ ਯੋਗ ਵਿਦਿਆਰਥੀਆਂ ਦੇ ਦਾਖਲੇ ਤੋਂ ਹਟਾਈ ਪਾਬੰਦੀ

2542
Share

ਮੈਲਬਰਨ, 24 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਨੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾਧਾਰਕਾਂ ਨੂੰ ਪਹਿਲੀ ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟਰੇਲੀਆ ਆਉਣ ਦੀ ਖੁੱਲ੍ਹ ਦੇ ਦਿੱਤੀ ਹੈ। ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਸਟਰੇਲੀਆ ਵਿਚ ਹੁਣ ਗਰਮੀਆਂ ਦੀ ਰੁੱਤ ’ਚ ਉਡਾਣ ਦੇ ਦਰਵਾਜ਼ੇ ਖੋਲ੍ਹੇਗਾ। ਪਰ ਵਿਜ਼ਟਰ ਵੀਜ਼ਿਆਂ ਲਈ ਫਿਲਹਾਲ ਪਾਬੰਦੀਆਂ ਜਾਰੀ ਰਹਿਣਗੀਆਂ। ਵਿਦਿਆਰਥੀ ਜਿਸ ਵੀ ਸੂਬੇ ’ਚ ਆਉਣਗੇ, ਉਥੋਂ ਦੀਆਂ ਸਥਾਨਕ ਇਕਾਂਤਵਾਸ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਪਿਛਲੇ ਕਰੀਬ 21 ਮਹੀਨੇ ਤੋਂ ਆਸਟਰੇਲੀਆ ਨੇ ਆਪਣੀਆਂ ਸਰਹੱਦਾਂ ਕੌਮਾਂਤਰੀ ਆਰਜ਼ੀ ਵੀਜ਼ਿਆਂ ਲਈ ਬੰਦ ਕੀਤੀਆਂ ਹੋਈਆਂ ਹਨ ਅਤੇ ਇੱਥੋਂ ਦੇ ਵਿਦਿਅਕ ਅਦਾਰਿਆਂ ’ਚ ਦਾਖਲਾ ਲੈ ਚੁੱਕੇ ਪਾੜਿ੍ਹਆਂ ਨੂੰ ਆਨਲਾਈਨ ਆਪਣੀ ਪੜ੍ਹਾਈ ਕਰਨੀ ਪੈ ਰਹੀ ਹੈ। ਇਸ ਦੇ ਬਾਵਜੂਦ ਕਾਲਜ ਆਦਿ ਫੀਸਾਂ ਵਸੂਲ ਰਹੇ ਸਨ, ਇਹ ਐਲਾਨ ਉਨ੍ਹਾਂ ਵਿਦਿਆਰਥੀਆਂ ਲਈ ਵੀ ਵੱਡੀ ਰਾਹਤ ਹੈ, ਜੋ ਪਾਬੰਦੀਆਂ ਤੋਂ ਪਹਿਲਾਂ ਆਪਣੇ ਘਰਾਂ ਨੂੰ ਗਏ ਸਨ ਪਰ ਲੰਮੇ ਸਮੇਂ ਤੋਂ ਵਾਪਿਸ ਨਹੀਂ ਸੀ ਆ ਸਕੇ। ਇਨ੍ਹਾਂ ਪਾਬੰਦੀਆਂ ਨਾਲ ਮੁਲਕ ’ਚ ਕਾਮਿਆਂ ਦੀ ਵੱਡੀ ਕਿੱਲਤ ਵੀ ਪੈਦਾ ਹੋ ਗਈ ਸੀ, ਜਿਸ ਕਾਰਨ ਵਪਾਰਕ ਅਦਾਰੇ ਸਰਕਾਰ ਨੂੰ ਸਰਹੱਦ ਖੋਲ੍ਹਣ ਲਈ ਗੁਹਾਰ ਲਗਾ ਰਹੇ ਸਨ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਐਲਾਨ ’ਚ ਹੋਰ ਕਿਹਾ ਕਿ ਜਪਾਨੀ ਅਤੇ ਕੋਰਿਆਈ ਨਾਗਰਿਕ ਜਿਨ੍ਹਾਂ ਨੂੰ ਡਬਲ ਡੋਜ਼ ਲੱਗੀ ਹੈ, ਉਹ ਵੀ ਇਸੇ ਤਰੀਕੇ ਬਿਨਾਂ ਕੁਆਰੰਟੀਨ ਦੇ ਆਸਟਰੇਲੀਆ ਦਾ ਦੌਰਾ ਕਰ ਸਕਦੇ ਹਨ। ਇਨ੍ਹਾਂ 28 ਯੋਗ ਵੀਜ਼ਾਧਾਰਕਾਂ ਦੀ ਪੂਰੀ ਸੂਚੀ ‘ਹੋਮ ਅਫੇਅਰਜ਼’ ਦੀ ਵੈੱਬਸਾਈਟ ’ਤੇ ਉਪਲੱਬਧ ਹੈ।


Share