ਆਸਟਰੇਲੀਆ ਦੇ ਕੁਈਨਜ਼ਲੈਂਡ ‘ਚ ਹੋਈਆਂ ਚੋਣਾਂ ‘ਚ ਲੇਬਰ ਪਾਰਟੀ ਵੱਲੋਂ ਮੁੜ ਇਤਿਹਾਸਕ ਜਿੱਤ ਦਰਜ

604
Share

-ਪ੍ਰੀਮੀਅਰ ਐਨਸਟੇਸ਼ੀਆ ਪਾਲਾਸ਼ਾਈ ਲਗਾਤਾਰ ਤਿੰਨ ਚੋਣਾਂ ਜਿੱਤਣ ਵਾਲੀ ਪਹਿਲੀ ਮਹਿਲਾ ਪ੍ਰੀਮੀਅਰ ਬਣੀ
ਕੁਈਨਜ਼ਲੈਂਡ, 3 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿੱਚ 57ਵੀਂ ਪਾਰਲੀਮੈਂਟ ਦੀਆਂ 93 ਸੀਟਾਂ ਲਈ ਹੋਈਆਂ ਚੋਣਾਂ ‘ਚ ਪ੍ਰੀਮੀਅਰ ਐਨਸਟੇਸ਼ੀਆ ਪਾਲਾਸ਼ਾਈ ਦੀ ਅਗਵਾਈ ‘ਚ ਲੇਬਰ ਪਾਰਟੀ ਨੇ ਮੁੜ ਇਤਿਹਾਸਕ ਜਿੱਤ ਦਰਜ ਕੀਤੀ ਹੈ। ਉਹ ਲਗਾਤਾਰ ਤਿੰਨ ਚੋਣਾਂ ਜਿੱਤਣ ਵਾਲੀ ਆਸਟਰੇਲੀਆ ਦੀ ਪਹਿਲੀ ਮਹਿਲਾ ਪ੍ਰੀਮੀਅਰ ਬਣ ਗਈ ਹੈ। ਸਾਰੇ ਭਾਰਤੀ ਉਮੀਦਵਾਰ ਇਨ੍ਹਾਂ ਚੋਣਾਂ ‘ਚ ਅਸਫ਼ਲ ਰਹੇ ਹਨ।
ਪ੍ਰੀਮੀਅਰ ਨੂੰ ਕੋਵਿਡ-19 ਦੌਰਾਨ ਕੁਈਨਜ਼ਲੈਂਡ ਦੀਆਂ ਸਖ਼ਤ ਸਰਹੱਦੀ ਨੀਤੀਆਂ ਕਾਰਨ ਸੰਘੀ ਲਿਬਰਲ ਸਿਆਸਤਦਾਨਾਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕਿਹਾ ਕਿ ਸੂਬੇ ਦੀਆਂ ਕਰੋਨਾਵਾਇਰਸ ਪ੍ਰਤੀ ‘ਸਖ਼ਤ ਸਰਹੱਦੀ ਤੇ ਸਿਹਤ ਨੀਤੀਆਂ’ ਨੇ ਕੁਈਨਜ਼ਲੈਂਡ ਨੂੰ ਸੁਰੱਖਿਅਤ ਰੱਖਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੋਵਿਡ-19 ਦੌਰਾਨ ਸੂਬਾ ਸਰਕਾਰ ਦੀ ਵਧੀਆ ਤੇ ਸੁਚਾਰੂ ਰਣਨੀਤੀ ਹੀ ਇਸ ਇਤਿਹਾਸਕ ਜਿੱਤ ਦਾ ਇਨਾਮ ਹੈ। ਪਾਰਟੀ ਹੈੱਡਕੁਆਰਟਰ ਵਿਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪਾਲਾਸ਼ਾਈ ਨੇ ਮੰਨਿਆ ਕਿ ਇਹ ਸਾਲ ਕਰੋਨਾ ਮਹਾਮਾਰੀ ਕਰਕੇ ਲੋਕਾਈ ਲਈ ਆਸਾਨ ਨਹੀਂ ਰਿਹਾ, ਪਰ ਕੁਈਨਜ਼ਲੈਂਡ ਦੀਆਂ ਸਿਹਤ ਤੇ ਸਰਹੱਦੀ ਨੀਤੀਆਂ ਨੂੰ ਲੋਕਾਂ ਨੇ ਸਮਰਥਨ ਦਿੱਤਾ ਹੈ। ਪ੍ਰੀਮੀਅਰ ਐਨਸਟੇਸ਼ੀਆ ਪਾਲਾਸ਼ਾਈ ਲੇਬਰ ਪਾਰਟੀ ਦੀ ਬਹੁਗਿਣਤੀ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪ੍ਰਾਪਤ ਹੋਏ ਮੁਢਲੇ ਚੋਣ ਰੁਝਾਨ ਮੁਤਾਬਕ ਲੇਬਰ ਪਾਰਟੀ 52 ਸੀਟਾਂ ‘ਤੇ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ ਅਤੇ ਲਿਬਰਲ ਨੈਸ਼ਨਲ ਪਾਰਟੀ ਨੂੰ 34 ਸੀਟਾਂ ਮਿਲ ਸਕਦੀਆਂ ਹਨ। ਕੇਟਰਸ ਆਸਟਰੇਲਿਆਈ ਪਾਰਟੀ ਤਿੰਨ ਸੀਟਾਂ, ਗਰੀਨ ਪਾਰਟੀ ਦੋ ਸੀਟਾਂ, ਵਨ ਨੇਸ਼ਨ ਇੱਕ ਸੀਟ, ਆਜ਼ਾਦ ਨੇ ਇੱਕ ਸੀਟ ‘ਤੇ ਲੀਡ ਬਣਾਈ ਹੋਈ ਹੈ। ਵੋਟਰਾਂ ਵੱਲੋਂ ਡਾਕ ਰਾਹੀਂ ਭੇਜੀਆਂ ਗਈਆ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਥੇ ਪਾਰਲੀਮੈਂਟ ਚੋਣਾਂ ਚਾਰ ਸਾਲ ਦੀ ਮਿਆਦ ਪੂਰੀ ਕਰਨ ਉਪਰੰਤ ਕਰਵਾਈਆਂ ਜਾਂਦੀਆਂ ਹਨ। ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ 93 ਵਿਚੋਂ 47 ਸੀਟਾਂ ‘ਤੇ ਜਿੱਤ ਦਰਜ ਕਰਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਂਦਾ ਹੈ।


Share