ਆਸਟਰੇਲੀਆ ‘ਚ 30,000 ਤੋਂ ਵੱਧ ਲੋਕਾਂ ਵੱਲੋਂ ਨਸਲੀ ਹਿੰਸਾ ਵਿਰੁਧ ਸ਼ਾਂਤਮਈ ਪ੍ਰਦਰਸ਼ਨ

778
Share

ਸਿਡਨੀ/ਬ੍ਰਿਸਬੇਨ/ਮੈਲਬਰਨ, 7 ਜੂਨ (ਪੰਜਾਬ ਮੇਲ)- ਆਸਟਰੇਲੀਆ ਵਿਚ ਕਰੀਬ 30,000 ਤੋਂ ਵੱਧ ਲੋਕਾਂ ਨੇ ਨਸਲੀ ਹਿੰਸਾ ਅਤੇ ਪੁਲਿਸ ਬੇਰਹਿਮੀ ਵਿਰੁਧ ਸ਼ਾਂਤਮਈ ਪ੍ਰਦਰਸ਼ਨ ਤੇ ਰੈਲੀਆਂ ਕੀਤੀਆਂ। ਸਿਡਨੀ ਮੈਲਬਰਨ, ਬ੍ਰਿਸਬੇਨ, ਐਡੀਲੇਡ ਅਤੇ ਹੋਬਾਰਟ ਸ਼ਹਿਰਾਂ ਦੀਆਂ ਸੜਕਾਂ ’ਤੇ ਮਾਰਚ ਕਰਦਿਆਂ ਪ੍ਰਦਰਸ਼ਕਾਰੀਆਂ ਨੇ ਆਸਟਰੇਲੀਆ ਦੇ ਮੂਲ ਵਾਸੀਆਂ ਵਿਰੁੱਧ ਹਿੰਸਾ ਅਤੇ ਨਸਲਵਾਦ ਖ਼ਤਮ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਵਿਚ ਸਿਆਹਫਾਮ ਜੌਰਜ ਫਲਾਇਡ ਦੀ ਹੱਤਿਆ ਦੀ ਨਿੰਦਾ ਕਰਦਿਆਂ ਰੋਸ ਪ੍ਰਗਟਾਵਾ ਕੀਤਾ ਅਤੇ ਆਸਟਰੇਲੀਆ ਵਿਚ ਸਿਆਹਫ਼ਾਮ ਤੇ ਹੋਰ ਪਰਵਾਸੀ ਭਾਈਚਾਰਿਆਂ ਨਾਲ ਹੋ ਰਹੇ ਨਸਲੀ ਭੇਦਭਾਵ ਨੂੰ ਰੋਕਣ ਦੀ ਅਪੀਲ ਕਰਦਿਆਂ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਅਨੁਸਾਰ ਕਰੋਨਾਵਾਇਰਸ ਫੈਲਣ ਦੇ ਡਰ ਕਾਰਨ ਸਰਕਾਰ ਦੇ ਨਿਰਦੇਸ਼ਾਂ ’ਤੇ ਸੁਪਰੀਮ ਕੋਰਟ ਨੇ ਬੀਤੇ ਦਿਨ ਸਿਡਨੀ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਾ ਦਿੱਤੀ ਸੀ ਪ੍ਰੰਤੂ ਅੱਜ ਵਿਰੋਧ ਪ੍ਰਦਰਸ਼ਨ ਲਈ ਮਿਥਿਆ ਸਮਾਂ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਅਦਾਲਤ ਨੂੰ ਆਪਣਾ ਹੁਕਮ ਉਲਟਾਉਣਾ ਪਿਆ ਅਤੇ ਪ੍ਰਦਰਸ਼ਨ ਕਰਨ ਦੀ ਅਪੀਲ ਮਨਜ਼ੂਰ ਕੀਤੀ ਗਈ।
ਕੁਈਨਜ਼ਲੈਂਡ ਐਬੌਰਿਜਨਲ ਐਂਡ ਆਈਲੈਂਡਰ ਹੈਲਥ ਕੌਂਸਲ ਨੇ ਕਿਹਾ ਕਿ ਫਲਾਇਡ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤ ਆਸਟਰੇਲੀਆ ਦੇ ਘੱਟ-ਗਿਣਤੀ ਭਾਈਚਾਰਿਆਂ ਲਈ ਨਵੇਂ ਨਹੀਂ ਹਨ। ਪਿਛਲੇ ਹਫ਼ਤੇ ਸਿਡਨੀ ਵਿਚ ਪੁਲੀਸ ਕਰਮੀ ਵੱਲੋਂ ਨਾਬਾਲਗ ਸਿਆਹਫ਼ਾਮ ਲੜਕੇ ਨੂੰ ਜ਼ਮੀਨ ਉੱਤੇ ਸੁੱਟਣ ਤੇ ਹੱਥਕੜੀ ਲਾਉਣ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਕਾਰਨ ਮੂਲ ਵਾਸੀ ਭਾਈਚਾਰੇ ਵਿਚ ਰੋਸ ਹੈ। ਦੱਸਣਯੋਗ ਹੈ ਕਿ ਸਾਲ 1991 ਤੋਂ ਲੈ ਕੇ ਹੁਣ ਤੱਕ ਪੁਲੀਸ ਹਿਰਾਸਤ ਵਿਚ 432 ਮੂਲ ਵਾਸੀਆਂ ਦੀ ਮੌਤ ਹੋਈ ਹੈ।


Share