ਆਰ.ਸੀ.ਐਮ.ਪੀ. ਨੇ ਐਲਬਰਟਾ ਤੋਂ ਲਿਆਂਦੀ ਇਕ ਲੱਖ ਡਾਲਰ ਦੀ ਸ਼ਰਾਬ ਫੜ੍ਹੀ

393
Share

ਸਰੀ, 5 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਆਰ.ਸੀ.ਐਮ.ਪੀ. ਨੇ ਰੈਵਲਸਟੋਕ ਦੇ ਇਲਾਕੇ ਚ ਓਵਰਨਾਈਟ ਪਾਰਕਿੰਗ ਏਰੀਆ ਖੜ੍ਹੀ ਇਕ ਮਿਨੀਵੈਨ ਦੀ ਤਲਾਸ਼ੀ ਦੌਰਾਨ ਲਾਗਲੇ ਸੂਬੇ ਐਲਬਰਟਾ ਤੋਂ ਲਿਆਂਦੀ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਹੈ।

ਪੁਲਿਸ ਅਨੁਸਾਰ ਰਾਤ 11.50 ਵਜੇ ਦੇ ਕਰੀਬ ਬੀ.ਸੀ. ਹਾਈਵੇਅ ਪੈਟਰੋਲ ਦੇ ਟਰੈਫਿਕ ਸੇਫਟੀ ਯੂਨਿਟ ਨੇ ਇਸ ਸ਼ੱਕੀ ਵੈਨ ਦੀ ਜਾਂਚ ਕੀਤੀ ਅਤੇ ਵੇਖਿਆ ਕਿ ਵੈਨ ਵਿਚ ਡਰਾਈਵਰ ਦੇ ਪਿੱਛੇ ਵਾਲੀਆਂ ਸੀਟਾਂ ਹਟਾਈਆਂ ਹੋਈਆਂ ਸਨ ਅਤੇ ਇਸ ਵਿਚ ਬਕਸੇ ਧਰੇ ਹੋਏ ਸਨ ਜਿਨ੍ਹਾਂ ਨੂੰ ਕੰਬਲ ਨਾਲ ਢਕਿਆ ਹੋਇਆ ਸੀ। ਤਲਾਸ਼ੀ ਦੌਰਾਨ ਐਲਬਰਟਾ ਤੋਂ ਲਿਆਂਦੀ ਹਾਈ ਕਵਾਲਿਟੀ ਦੀ ਸ਼ਰਾਬ ਮਿਲੀ ਜਿਸ ਦੀ ਕੀਮਤ ਕਰੀਬ 1,00,000 ਡਾਲਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 11,000 ਡਾਲਰ ਕੈਸ਼ ਅਤੇ ਥੋੜ੍ਹੀ ਮਾਤਰਾ ਵਿਚ ਕੋਕੇਨ ਅਤੇ ਫੈਂਟਾਨਿਲ ਵੀ ਬਰਾਮਦ ਹੋਈ ਹੈ।

ਪੁਲਿਸ ਅਨੁਸਾਰ ਇਸ ਸ਼ਰਾਬ ਨੂੰ ਗੈਰਕਨੂੰਨੀ ਕਸੀਨੋਸ ਅਤੇ ਹੋਰ ਅਜਿਹੀਆਂ ਥਾਵਾਂ ਤੇ ਵੇਚਿਆ ਜਾਣਾ ਸੀ। ਵੈਨ ਦੇ ਮਾਲਿਕ ਇੱਕ ਆਦਮੀ ਅਤੇ ਇੱਕ ਔਰਤ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਕੈਲਗਰੀ ਦੇ ਰਹਿਣ ਵਾਲੇ ਇਹ ਦੋਵੇਂ ਜਣੇ ਲੋਅਰ ਮੇਨਲੈਂਡ ਵਿਚ ਅਪਰਾਧਿਕ ਗਤੀਵਿਧੀ ਵਿਚ ਸ਼ਾਮਿਲ ਰਹੇ ਹਨ।


Share