ਆਮ ਆਦਮੀ ਪਾਰਟੀ ਨੇ ਢੀਂਡਸਾ ਗਰੁੱਪ ਨਾਲ ਗਠਬੰਧਨ ਦੀ ਸੰਭਾਵਨਾ ਤੋਂ ਕੀਤਾ ਇਨਕਾਰ

158
Share

– ਅਕਾਲੀ ਦਲ (ਡੈਮੋਕਰੇਟਿਕ) ਨਾਲ ਅਲਾਇੰਸ ਨਹੀਂ, ਪਾਰਟੀ ਦੇ ਆਗੂ ਕਰਨਗੇ ਆਮ ਆਦਮੀ ਪਾਰਟੀ ਜੁਆਇਨ

-ਆਮ ਆਦਮੀ ਪਾਰਟੀ ਜੁਆਇਨ ਕਰਨ ਬਾਰੇ ਢੀਂਡਸਾ ਗਰੁੱਪ ਸਕਾਰਾਤਮਕ

-ਰਾਘਵ ਚੱਢਾ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਵਿਚਾਲੇ ਹੋਈ ਮੀਟਿੰਗ ਰਹੀ ਸਕਾਰਾਤਮਕ

ਚੰਡੀਗਡ੍ਹ, 9 ਅਪ੍ਰੈਲ (ਪੰਜਾਬ ਮੇਲ)-  ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਡੈਮੋਕਰੈਟਿਕ) ਦੇ ਹੋ ਰਹੇ ਗਠਜੋੜ ਬਾਰੇ ਆਈਆਂ ਖ਼ਬਰਾਂ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਮੀਟਿੰਗ ਹੋਈ ਹੈ ਅਤੇ ਇਸ ਵਿੱਚ ਕਿਸੇ ਗਠਜੋੜ ਦੀ ਥਾਂ ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਨਾਲ ਕਿਸੇ ਤਰ੍ਹਾਂ ਦਾ ਅਲਾਇੰਸ ਨਹੀਂ ਕਰੇਗੀ ਬਲਕਿ ਸੁਖਦੇਵ ਸਿੰਘ ਢੀਂਡਸਾ ਸਮੇਤ ਸਾਰੇ ਆਗੂ ਜਲਦ ਹੀ ਆਮ ਆਦਮੀ ਪਾਰਟੀ ਜੁਆਇਨ ਕਰਨਗੇ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੋਵੇਂ ਪੰਜਾਬ ਨੂੰ ਬਚਾਉਣ ਲਈ ਕਾਰਜ ਕਰ ਰਹੇ ਹਨ ਇਸ ਲਈ ਉਹ ਇਕ ਪਲੇਟਫਾਰਮ ਉੱਤੇ ਆ ਕੇ ਆਵਾਜ ਬੁਲੰਦ ਕਰਨਗੇ ਤਾਂ ਜੋ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਵੱਲੋਂ ਲੋਕਾਂ ਨਾਲ ਕੀਤੇ ਗਏ ਧੱਕੇ ਦਾ ਹਿਸਾਬ ਲਿਆ ਜਾ ਸਕੇ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਜੁਆਇਨ ਕਰਨ ਬਾਰੇ ਕਾਫੀ ਸਕਾਰਾਤਮਕ ਹਨ ਅਤੇ ਉਹ ਜਲਦ ਹੀ ਇਸ ਬਾਰੇ ਕੋਈ ਫੈਸਲਾ ਲੈਣਗੇ।


Share