ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਅੱਗੇ ਝੁਕੀ ਸਰਕਾਰ-ਬੀਬੀ ਮਾਣੂੰਕੇ

148
Share

ਕੈਪਟਨ ਵੱਲੋਂ ਬਿਜਲੀ ’ਚ ਦਿੱਤੀ ਰਾਹਤ ‘ਆਟੇ ਵਿੱਚ ਲੂਣ ਬਰਾਬਰ’

ਚੰਡੀਗੜ੍ਹ, 29 ਮਈ (ਪੰਜਾਬ ਮੇਲ)-ਆਮ ਆਦਮੀ ਪਾਰਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਹਿੰਗੀ ਬਿਜਲੀ ਦਾ ਵਿਰੋਧ ਕਰ ਰਹੀ ਹੈ ਅਤੇ ਥਾਂ-ਥਾਂ ਤੇ ਬਿਜਲੀ ਬਿਲਾਂ ਨੂੰ ਫੂਕਿਆ ਜਾ ਰਿਹਾ ਹੈ। ਜਿਸ ਅੱਗੇ ਝੁਕਦਿਆਂ ਅਤੇ ਕੇਜਰੀਵਾਲ ਸਰਕਾਰ ਦੀ ਨਕਲ ਕਰਦਿਆਂ ਕੈਪਟਨ ਸਰਕਾਰ ਨੇ 2022 ਦੀ ਚੋਣਾਂ ਨੇੜੇ ਵੇਖਕੇ ਕੇਵਲ ਸੁਰਖੀਆਂ ਵਟੋਰਨ ਲਈ ਬਿਜਲੀ ਦੇ ਰੇਟ ਘੱਟ ਕੀਤੇ ਨੇ, ਜੋ ਕਿ ‘ਆਟੇ ਵਿੱਚ ਲੂਣ ਦੇ ਬਰਾਬਰ’ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਆਪ ਆਗੂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਆ ਰਹੀ ਹੈ ਕਿ ਕੈਪਟਨ ਸਰਕਾਰ ਅਕਾਲੀਆਂ ਨਾਲ ਮਿਲੀ ਹੋਈ ਹੈ ਤੇ ਅਕਾਲੀ ਸਰਕਾਰ ਵੱਲੋਂ ਨਿੱਜੀ ਤਾਪ ਘਰਾਂ ਨਾਲ ਕੀਤੇ ਮਹਿੰਗੇ ਬਿਜਲੀ ਸਮਝੌਤਿਆਂ ਤਹਿਤ ਪੰਜਾਬ ਦਾ ਖਜ਼ਾਨਾਂ ਲੁਟਾ ਰਹੀ ਹੈ ਅਤੇ ਗੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਨੂੰ ਮਹਿੰਗੇ ਮੁੱਲ ਬਿਜਲੀ ਵੇਚ ਰਹੀ ਹੈ। ਉਹਨਾਂ ਕਿਹਾ ਕਿ ਬਿਜਲੀ ਬਿਲਾਂ ਵਿੱਚ ਪਹਿਲੇ 100 ਯੂਨਿਟ ਦੇ ਰੇਟ ਹੋਰ, 101 ਤੋਂ 300 ਯੂਨਿਟ ਤੱਕ ਰੇਟ ਹੋਰ ਤੇ 301 ਤੋਂ 500 ਯੂਨਿਟ ਤੱਕ ਰੇਟ ਹੋਰ ਨੇ, ਜਿਸ ਵਿੱਚ ਬਹੁਤ ਤਰ੍ਹਾਂ ਦੇ ਟੈਕਸ ਅਤੇ ਗਊ ਸੈਸ ਆਦਿ ਲਗਾਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਸਾਰੀ ਦੁਨੀਆਂ ਜਾਣਦੀ ਹੈ ਕਿ ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ। ਇਸੇ ਕਰਕੇ ਹੀ ਆਮ ਆਦਮੀ ਪਾਰਟੀ ਨੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਮਹਿੰਗੀ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਇਆ ਸੀ। ਬੀਬੀ ਮਾਣੂੰਕੇ ਨੇ ਆਖਿਆ ਕਿ ਕੈਪਟਨ ਨੇ ਗੁੱਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਪੰਜ ਰੁਪਏ ਬਿਜਲੀ ਯੂਨਿਟ ਦੇਣ ਦਾ ਝੂਠਾ ਚੋਣ ਲਾਰਾ ਲਾਇਆ ਸੀ ਅਤੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਵਾਰ ਵਾਰ ਬਿਜਲੀ ਦੇ ਰੇਟ ਵਧਾਉਣ ਤੋਂ ਬਾਅਦ ਹੁਣ ਕੇਵਲ ਇੱਕ ਰੁਪਏ ਬਿਜਲੀ ਯੂਨਿਟ ਦੇ ਰੇਟ ਘਟਾਕੇ ਕੋਈ ਫੰਨੇ ਖਾਂ ਵਾਲਾ ਕੰਮ ਨਹੀਂ ਕੀਤਾ ਹੈ। ਪੰਜਾਬ ਦੇ ਲੋਕ ਭਲੀ-ਭਾਂਤ ਜਾਣਦੇ ਨੇ ਕਿ ਕਾਂਗਰਸ ਸਰਕਾਰ ਨੇ ਵੋਟਾਂ ਨੇੜੇ ਆਉਂਦੀਆਂ ਵੇਖ ਕੇ ਹੀ ਰੇਟ ਘਟਾਏ ਨੇ, ਪਰੰਤੂ ਕੈਪਟਨ ਸਰਕਾਰ ਇਸ ਤਰ੍ਹਾਂ ਢੰਗ ਟਪਾਕੇ ਲੋਕਾਂ ਦੇ ਦਿਲ ਨਹੀਂ ਜਿੱਤ ਸਕਦੀ ਅਤੇ ਪੰਜਾਬ ਦੇ ਲੋਕ 2022 ਦੀ ਚੋਣਾ ਮੌਕੇ ਕਾਂਗਰਸ ਸਰਕਾਰ ਨੂੰ ਮਹਿੰਗੀ ਬਿਜਲੀ ਦੇ ਮੁੱਦੇ ’ਤੇ ਘੇਰਨਗੇ ਅਤੇ ਅਕਾਲੀਆਂ ਕੋਲੋਂ ਮਹਿੰਗੇ ਬਿਜਲੀ ਸਮਝੌਤਿਆਂ ਦਾ ਹਿਸਾਬ ਮੰਗਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਰਾਮ ਜਗਰਾਉਂ, ਪੱਪੂ ਭੰਡਾਰੀ, ਸੁਰਿੰਦਰ ਸਿੰਘ ਸੱਗੂ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ, ਛਿੰਦਰਪਾਲ ਸਿੰਘ ਮੀਨੀਆਂ ਆਦਿ ਵੀ ਹਾਜ਼ਰ ਸਨ।


Share