ਆਬੂਧਾਬੀ ’ਚ 888 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹੈ ਪਹਿਲਾ ਹਿੰਦੂ ਮੰਦਿਰ ਦਾ ਨਿਰਮਾਣ

337
Share

ਆਬੂਧਾਬੀ, 1 ਅਪ੍ਰੈਲ (ਪੰਜਾਬ ਮੇਲ)-ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਹਿੰਦੂ ਮੰਦਿਰ ਦੀ ਬੁਨਿਆਦ ਦਾ ਕੰਮ (ਫਾਊਂਡੇਸ਼ਨ ਵਰਕ) ਅਗਲੇ ਮਹੀਨੇ ਦੇ ਅਖ਼ੀਰ ਤੱਕ ਪੂਰਾ ਹੋ ਜਾਵੇਗਾ। ਬੋਚਾਸਨਵਾਸੀ ਅਕਸ਼ਰ ਪੁਰੂਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ.ਪੀ.ਐਸ.) ਵੱਲੋਂ ਆਬੂਧਾਬੀ ਵਿਚ 45 ਕਰੋੜ ਦਰਾਮ (ਕਰੀਬ 888 ਕਰੋੜ ਰੁਪਏ) ਦੀ ਲਾਗਤ ਨਾਲ ਇਸ ਮੰਦਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਬੂਧਾਬੀ ਦੇ ਅਬੂ ਮੁਰੇਈਖਾਹ ’ਤੇ 27 ਏਕੜ ਵਿਚ ਇਸ ਮੰਦਿਰ ਦਾ ਖੇਤਰ ਫੈਲਿਆ ਹੈ।
ਪ੍ਰਾਜੈਕਟ ਇੰਜੀਨੀਅਰ ਮੁਤਾਬਕ ਬੁਨਿਆਦ ਦੇ ਨਿਰਮਾਣ ਦਾ ਕੰਮ ਫਾਈਨਲ ਸਟੇਜ ਵਿਚ ਹੈ, ਜੋ ਗ੍ਰਾਊਂਡ ਲੈਵਲ ਤੋਂ 4.5 ਮੀਟਰ ਉਪਰ ਹੈ। ਇਸ ਫਾਊਂਡੇਸ਼ਨ ’ਚ 2 ਸੁਰੰਗਾਂ ਹਨ। ਇਨ੍ਹਾਂ ਸੁਰੰਗਾਂ ਲਈ ਪੱਥਰ ਭਾਰਤ ਤੋਂ ਆਏ ਹਨ। ਇਨ੍ਹਾਂ ਪੱਥਰਾਂ ਨੂੰ ਵਿਛਾਉਣ ਦਾ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਏਗਾ। ਫਾਊਂਡੇਸ਼ਨ ਦਾ ਕੰਮ ਅਪ੍ਰੈਲ ਦੇ ਆਖ਼ੀਰ ਤੱਕ ਖ਼ਤਮ ਹੋਣ ਦੇ ਬਾਅਦ ਮਈ ਦੇ ਮਹੀਨੇ ਤੋਂ ਤਰਾਸ਼ੇ ਹੋਏ ਪੱਥਰ ਅਸੈਂਬਲ ਕਰਨ ਦਾ ਕੰਮ ਸ਼ੁਰੂ ਹੋ ਜਾਏਗਾ। ਬੀ. ਏ.ਪੀ.ਐੱਸ. ਵੱਲੋਂ ਹਾਲ ਹੀ ਵਿਚ ਮੰਦਿਰ ਨਿਰਮਾਣ ਕਾਰਜ ਨੂੰ ਲੈ ਕੇ ਇਕ ਵੀਡੀਓ ਜਾਰੀ ਕੀਤੀ ਗਈ ਹੈ।
ਮੰਦਰ ਲਈ ਜ਼ਿਆਦਾਤਰ ਪੱਥਰ ਤਰਾਸ਼ਣ ਦਾ ਕੰਮ ਭਾਰਤ ’ਚ ਰਾਜਸਥਾਨ ਅਤੇ ਗੁਜਰਾਤ ਦੇ ਸੰਗਤਰਾਸ਼ਾਂ ਨੇ ਕੀਤਾ ਹੈ। ਹੱਥਾਂ ਨਾਲ ਤਰਾਸ਼ੇ ਗਏ ਇਨ੍ਹਾਂ ਪੱਥਰਾਂ ’ਚ ਭਾਰਤ ਦੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਦੀ ਝਲਕ ਦਿਖਣ ਦੇ ਨਾਲ ਅਰਬ ਪ੍ਰਤੀਕ ਵੀ ਹੋਣਗੇ। ਇਸ ਵਿਚ ਰਾਮਾਇਣ, ਮਹਾਭਾਰਤ ਸਮੇਤ ਹਿੰਦੂ ਪੁਰਾਨਾਂ ਦੇ ਪ੍ਰਸੰਗਾਂ ਨਾਲ ਜੁੜੇ ਚਿੱਤਰ ਹੋਣਗੇ। ਮੰਦਿਰ ਦਾ ਨਿਰਮਾਣ ਪ੍ਰਾਚੀਨ ਹਿੰਦੂ ਸ਼ਿਲਪ ਸ਼ਾਸਤਰ ਮੁਤਾਬਕ ਕੀਤਾ ਜਾ ਰਿਹਾ ਹੈ।
ਮੰਦਿਰ ’ਚ 7 ਸਿਖ਼ਰ ਹੋਣਗੇ। ਇਹ ਯੂ.ਏ.ਈ. ਦੇ 7 ਅਮੀਰਾਤ ਦਾ ਵੀ ਪ੍ਰਤੀਕ ਹੋਣਗੇ। ਮੰਦਿਰ ਲਈ ਗੁਲਾਬੀ ਪੱਥਰ ਰਾਜਸਥਾਨ ਅਤੇ ਮਾਰਬਲ ਇਟਲੀ ਤੋਂ ਮੰਗਾਇਆ ਗਿਆ ਹੈ। ਮੰਦਿਰ ਦੇ 2023 ਵਿਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਣ ਦੀ ਉਮੀਦ ਹੈ। ਬੀ.ਏ.ਪੀ.ਐੱਸ. ਹਿੰਦੂ ਮੰਦਿਰ ਦੇ ਧਾਰਮਿਕ ਨੇਤਾ ਬ੍ਰਮਾਵਿਹਾਰੀ ਸਵਾਮੀ ਕਈ ਸਥਾਨਕ ਅਧਿਕਾਰੀਆਂ ਨਾਲ ਮੰਦਿਰ ਦੇ ਨਿਰਮਾਣ ਲਈ ਤਾਲਮੇਲ ਕਰ ਰਹੇ ਹਨ। ਮੰਦਿਰ ’ਚ ਵਿਜ਼ੀਟਰਸ ਸੈਂਟਰ, ਪੂਜਾ ਹਾਲ, ਲਾਈਬ੍ਰੇਰੀ, ਕਲਾਸਰੂਮ, ਕਮਿਊਨਿਟੀ ਸੈਂਟਰ, ਐਂਫੀਥਿਏਟਰ, ਪਲੇਅ ਏਰੀਆ, ਬਗੀਚੇ, ਪਾਣੀ ਦੇ ਝਰਨੇ, ਫੂਡ ਕੋਰਟ, ਬੁਕਸ ਅਤੇ ਗਿਫ਼ਟ ਸ਼ਾਪ ਸਮੇਤ ਕਈ ਸਹੂਲਤਾਂ ਹੋਣਗੀਆਂ।

Share