ਆਬੂਧਾਬੀ ’ਚ ਏਅਰ ਐਂਬੂਲੈਂਸ ਕ੍ਰੈਸ਼ ਹੋਣ ਨਾਲ 2 ਪਾਇਲਟਾਂ ਸਮੇਤ 4 ਲੋਕਾਂ ਦੀ ਮੌਤ

886
Share

ਆਬੂਧਾਬੀ, 3 ਅਕਤੂਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਪੁਲਿਸ ਵੱਲੋਂ ਉਡਾਈ ਜਾਣ ਵਾਲੀ ਆਬੂਧਾਬੀ ਏਅਰ ਐਂਬੂਲੈਂਸ ਸ਼ਨੀਵਾਰ ਨੂੰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਆਬੂਧਾਬੀ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਹਾਦਸਾ ਕਿੱਥੇ ਵਾਪਰਿਆ ਤੇ ਇਸ ਦੇ ਪਿੱਛੇ ਅਸਲ ਕਾਰਨ ਕੀ ਸੀ। ਹਾਲਾਂਕਿ ਪੁਲਿਸ ਨੇ ਯਕੀਨੀ ਤੌਰ ’ਤੇ ਸੂਚਿਤ ਕੀਤਾ ਹੈ ਕਿ ਇਸ ਹਾਦਸੇ ’ਚ ਦੋ ਪਾਇਲਟਾਂ, ਇਕ ਸਿਵਲੀਅਨ ਡਾਕਟਰ ਅਤੇ ਇਕ ਨਰਸ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਆਬੂਧਾਬੀ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਹੈ।
ਆਬੂਧਾਬੀ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਏਅਰ ਐਂਬੂਲੈਂਸ ਦੇ ਕ੍ਰੈਸ਼ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਰਬੀ ’ਚ ਕੀਤੇ ਗਏ ਇਕ ਟਵੀਟ ’ਚ ਅਧਿਕਾਰੀਆਂ ਨੇ ਦੱਸਿਆ ਕਿ ਮਿ੍ਰਤਕਾਂ ’ਚ ਦੋ ਪਾਇਲਟ ਵੀ ਸ਼ਾਮਲ ਹਨ। ਮਿ੍ਰਤਕਾਂ ’ਚ ਖਾਮਿਸ ਸਈਦ ਅਲ-ਹੋਲੀ, ਮੁਹੰਮਦ ਅਲ-ਰਸ਼ੀਦੀ, ਸ਼ਾਹਿਦ ਫਾਰੂਕ ਘੋਲਮ ਅਤੇ ਜੋਏਲ ਕਿਉਈ ਸਕਾਰਾ ਮਿੰਟੋ ਸ਼ਾਮਲ ਹਨ। ਅਧਿਕਾਰੀਆਂ ਵੱਲੋਂ ਘਟਨਾ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਪਰ ਟਵੀਟ ’ਚ ਕਿਹਾ ਗਿਆ ਕਿ ਇਹ ਸਾਰੇ ਲੋਕ ਹਾਦਸੇ ਦੌਰਾਨ ਆਪਣੀ ਡਿਊਟੀ ’ਤੇ ਸਨ। ਘਟਨਾ ਤੋਂ ਤੁਰੰਤ ਬਾਅਦ ਆਬੂਧਾਬੀ ਪੁਲਿਸ ਨੇ ਸੰਘਣੀ ਧੁੰਦ ਕਾਰਨ ਸੰਯੁਕਤ ਅਰਬ ਅਮੀਰਾਤ ’ਚ ਸਪੀਡ ’ਤੇ ਪਾਬੰਦੀ ਲਾ ਦਿੱਤੀ।

Share