‘ਆਪ’ ਵੱਲੋਂ ਟਿਕਟ ਵੰਡ ਦੇ ਤਰੀਕੇ ਤੋਂ ਰੋਹ ’ਚ ਆਏ ਪਾਰਟੀ ਵਰਕਰਾਂ ਨੇ ਰਾਘਵ ਚੱਢਾ ਨੂੰ ਘੇਰਿਆ

165
Share

-‘ਦਾਗੀ ਬੰਦਿਆਂ ਨੂੰ ਟਿਕਟਾਂ ਦੇਣੀਆਂ ਬੰਦ ਕਰੋ’ ਦੇ ਪੋਸਟਰ ਫੜ ਕੇ ਕੀਤਾ ਰੋਸ ਪ੍ਰਦਰਸ਼ਨ
ਜਲੰਧਰ, 7 ਜਨਵਰੀ (ਪੰਜਾਬ ਮੇਲ)- ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਵੰਡਣ ਦੇ ਤਰੀਕੇ ਤੋਂ ਰੋਹ ’ਚ ਆਏ ਪਾਰਟੀ ਵਰਕਰਾਂ ਨੇ ਇਥੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਰਾਘਵ ਚੱਢਾ ਨੂੰ ਘੇਰ ਲਿਆ। ਸ਼੍ਰੀ ਚੱਢਾ ਨੂੰ ਕਈ ਘੰਟਿਆਂ ਤੱਕ ਪਾਰਟੀ ਵਰਕਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਉਹ ਇਥੋਂ ਦੇ ਪੰਜਾਬ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਆਏ ਸਨ ਤੇ ਕਈ ਆਗੂਆਂ ਵੱਲੋਂ ‘ਆਪ’ ਵਿਚ ਸ਼ਾਮਲ ਹੋਣ ਬਾਰੇ ਐਲਾਨ ਕਰਨ ਆਏ ਸਨ। ਇਸੇ ਦੌਰਾਨ ਪਾਰਟੀ ਵਰਕਰਾਂ ਨੇ ‘ਆਪ’ ਅਤੇ ਸ਼੍ਰੀ ਚੱਢਾ ਖ਼ਿਲਾਫ਼ ਪ੍ਰੈਸ ਕਲੱਬ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਾਰਟੀ ਦੀ ਜਲੰਧਰ ਇਕਾਈ ਦੇ ਆਗੂ ਡਾ. ਸ਼ਿਵ ਦਿਆਲ ਮਾਲੀ ਨੇ ਵੀ ਪਾਰਟੀ ਵਰਕਰਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰਾਂ ਨੇ ਪ੍ਰੈੱਸ ਕਲੱਬ ਦਾ ਰਾਹ ਰੋਕ ਲਿਆ ਤੇ ਕਾਲੇ ਝੰਡੇ ਲਹਿਰਾਏ। ਉਨ੍ਹਾਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ, ਜਿਨ੍ਹਾਂ ’ਤੇ ਲਿਖਿਆ ਸੀ ‘ਦਾਗੀ ਬੰਦਿਆਂ ਨੂੰ ਟਿਕਟਾਂ ਦੇਣੀਆਂ ਬੰਦ ਕਰੋ।’ ਇਸ ਸਬੰਧ ’ਚ ਸ਼੍ਰੀ ਚੱਢਾ ਨੇ ਕਿਹਾ ਕਿ ਇਹ ਸਾਰੇ ਸਾਡੇ ਹੀ ਬੰਦੇ ਹਨ। ਹਰ ਚੋਣਾਂ ਵਿਚ ਕੁਝ ਪਾਰਟੀ ਵਰਕਰ ਟਿਕਟਾਂ ਨਾ ਮਿਲਣ ਕਾਰਨ ਨਾਰਾਜ਼ ਹੋ ਜਾਂਦੇ ਹਨ ਤੇ ਇਨ੍ਹਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇਗੀ।

Share