‘ਆਪ’ ਵੱਲੋਂ ਚੰਨੀ ਨੂੰ ਵਧਾਈ ਸਾਰੇ ਵਾਅਦੇ ਪੂਰੇ ਕਰਨ ਦੀ ਕੀਤੀ ਮੰਗ

201
Share

ਚੰਡੀਗੜ੍ਹ, 19 ਸਤੰਬਰ (ਪੰਜਾਬ ਮੇਲ)-  ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਵੱਲੋਂ ਨਿਯੁਕਤ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਹੈ।

ਐਤਵਾਰ ਨੂੰ ਪਾਰਟੀ ਹੈਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਨੇ ਸਮੁੱਚੀ ਪਾਰਟੀ ਲੀਡਰਸ਼ਿਪ ਵੱਲੋਂ ਸੂਬੇ ਦਾ ਮੁੱਖ ਮੰਤਰੀ ਬਣਨ ਉੱਤੇ ਨਿੱਘੀ ਵਧਾਈ ਦਿੱਤੀ ਹੈ।

‘ਆਪ’ ਨੇ ਉਮੀਦ ਕੀਤੀ ਕਿ ਚਰਨਜੀਤ ਸਿੰਘ ਚੰਨੀ ਆਪਣੀ ਚਾਰ-ਪੰਜ ਮਹੀਨਿਆਂ ਦੀ ਪਾਰੀ ਦੌਰਾਨ ਕਾਂਗਰਸ ਵੱਲੋਂ 2017 ਦੀਆਂ ਚੋਣਾਂ ਮੌਕੇ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ, ਕਿਉਂਕਿ ਲੰਘੇ ਸਾਢੇ ਚਾਰ ਸਾਲਾਂ ਵਿਚ ਸੱਤਾਧਾਰੀ ਕਾਂਗਰਸ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ।

‘ਆਪ’ ਨੇ ਕਿਹਾ ਕਿ ਕਾਂਗਰਸ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ‘ਕੁਰਸੀ ਖੋਹਣ ਅਤੇ ਕੁਰਸੀ ਬਣਾਉਣ’ ਲਈ ਜਾਰੀ ਘਟੀਆ ਦਰਜੇ ਦੀ ਲੜਾਈ ਨੇ ਪੰਜਾਬ ਦੇ ਸਮੁੱਚੇ ਸਰਕਾਰੀ ਤੰਤਰ ਨੂੰ ਮਲੀਆਮੇਟ ਕਰ ਦਿੱਤਾ ਅਤੇ ਲੋਕਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ। ਆਮ ਆਦਮੀ ਪਾਰਟੀ ਆਸ ਕਰਦੀ ਹੈ ਕਿ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ।


Share