‘ਆਪ’ ਵੱਲੋਂ ਗੁਜਰਾਤ ’ਚ ਸਾਰੀਆਂ ਸੀਟਾਂ ’ਤੇ ਚੋਣ ਲੜਨ ਦਾ ਐਲਾਨ

120
Share

-ਕੇਜਰੀਵਾਲ ਨੇ ‘ਆਪ’ ਨੂੰ ਭਾਜਪਾ ਤੇ ਕਾਂਗਰਸ ਦਾ ਬਦਲ ਦੱਸਿਆ
ਅਹਿਮਦਾਬਾਦ, 15 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) 2022 ’ਚ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੈਸ਼ਨਵ ਮੰਦਰ ਦੇ ਦੌਰੇ ਮੌਕੇ ਇਹ ਐਲਾਨ ਕੀਤਾ। ਸ਼੍ਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗ੍ਰਹਿ ਨਗਰ ’ਚ ਉਨ੍ਹਾਂ ’ਤੇ ਸਿੱਧਾ ਹਮਲਾ ਕਰਨ ਤੋਂ ਗੁਰੇਜ਼ ਕਰਦਿਆਂ ਲੋਕਾਂ ਦੀ ਤਰਸਯੋਗ ਹਾਲਤ ਲਈ ਹੁਕਮਰਾਨ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ’ਤੇ ਦੋਸ਼ ਲਾਏ। ਸ਼ਹਿਰ ਦੇ ਇਕ ਦਿਨੀਂ ਦੌਰੇ ’ਤੇ ਆਏ ‘ਆਪ’ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ ’ਚ ਭਾਜਪਾ ਅਤੇ ਕਾਂਗਰਸ ਦਾ ਅਸਲ ਬਦਲ ਹੈ। ਉਨ੍ਹਾਂ ਕਿਹਾ ਕਿ ਦੋਵੇਂ ਭਾਜਪਾ ਅਤੇ ਕਾਂਗਰਸ ਵਿਚਕਾਰ ਅੰਦਰਖਾਤੇ ਗੱਠਜੋੜ ਹੈ। ‘ਭਾਜਪਾ ਪਿਛਲੇ 27 ਵਰ੍ਹਿਆਂ ਤੋਂ ਸੂਬੇ ’ਚ ਰਾਜ ਕਰ ਰਹੀ ਹੈ। ਮੈਂ ਲੋਕਾਂ ਨੂੰ ਆਖਦੇ ਸੁਣਿਆ ਹੈ ਕਿ ਕਾਂਗਰਸ ਤਾਂ ਭਾਜਪਾ ਦੀ ਜੇਬ ’ਚ ਹੈ ਅਤੇ ਦੋਵੇਂ ਪਾਰਟੀਆਂ ਇਕੋ ਨਾਲ ਦੀਆਂ ਹਨ। ਦੋਵੇਂ ਪਾਰਟੀਆਂ ਆਜ਼ਾਦੀ ਤੋਂ ਬਾਅਦ ਜ਼ਿਆਦਾਤਰ ਸਮੇਂ ਤੱਕ ਗੁਜਰਾਤ ਦੀ ਸੱਤਾ ’ਤੇ ਕਾਬਜ਼ ਰਹੀਆਂ ਪਰ ਲੋਕ ਜਾਣਦੇ ਹਨ ਕਿ ਉਨ੍ਹਾਂ ਕੀ ਕੁਝ ਕੀਤਾ ਹੈ। ਕਿਸਾਨ 75 ਸਾਲ ਮਗਰੋਂ ਵੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।’ ਪ੍ਰੈੱਸ ਕਾਨਫਰੰਸ ਦੌਰਾਨ ਗੁਜਰਾਤੀ ਨਿਊਜ਼ ਚੈਨਲ ਦਾ ਸਾਬਕਾ ਮੁਖੀ ਇਸੂਦਾਨ ਗੜਵੀ ‘ਆਪ’ ’ਚ ਸ਼ਾਮਲ ਹੋ ਗਿਆ। ਸ਼੍ਰੀ ਕੇਜਰੀਵਾਲ ਨੇ ਦਿੱਲੀ ’ਚ ਮੁਫ਼ਤ ਬਿਜਲੀ, ਵਧੀਆ ਹਸਪਤਾਲਾਂ ਅਤੇ ਸਕੂਲਾਂ ਦਾ ਹਵਾਲਾ ਦਿੱਤਾ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਗੁਜਰਾਤ ’ਚ ‘ਦਿੱਲੀ ਮਾਡਲ’ ਲਾਗੂ ਕਰਨਾ ਚਾਹੁਣਗੇ, ਤਾਂ ‘ਆਪ’ ਮੁਖੀ ਨੇ ਕਿਹਾ ਕਿ ਵਿਕਾਸ ਦੇ ਮਾਡਲ ਦਾ ਫ਼ੈਸਲਾ ਗੁਜਰਾਤ ਦੇ 6 ਕਰੋੜ ਲੋਕ ਲੈਣਗੇ।

Share