‘ਆਪ’ ਦੇ 92 ਵਿਧਾਇਕਾਂ ’ਚੋਂ 50 ਵਿਧਾਇਕ ਲੋਕ-ਪੱਖੀ ਸੰਘਰਸ਼ਾਂ ’ਚੋਂ ਨਿਕਲੇ

129
ਕੁਲਤਾਰ ਸਿੰਘ ਸੰਧਵਾਂ, ਨਰਿੰਦਰ ਕੌਰ ਭਰਾਜ, ਗੁੁਰਮੀਤ ਸਿੰਘ ਮੀਤ ਹੇਅਰ
Share

-ਚੰਡੀਗੜ੍ਹ ’ਚ ਰੈਲੀ ਕਰਨ ਦੇ ਦੋਸ਼ ਹੇਠ ਭਗਵੰਤ ਮਾਨ ਖ਼ਿਲਾਫ਼ ਵੀ ਹੈ ਕੇਸ ਦਰਜ
ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਪੰਜਾਬ ਮੇਲ)- ਇਸ ਵਾਰ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰ ਦੇਖਣ ਨੂੰ ਭਾਵੇਂ ਨਵੇਂ ਅਤੇ ਮਹਿਜ ਪਾਰਟੀ ਦੇ ਹੱਕ ਵਿਚ ਵਗੀ ਹਵਾ ਸਦਕਾ ਹੀ ਵਿਧਾਇਕ ਬਣੇ ਜਾਪਦੇ ਹਨ ਪਰ ਅਸਲ ਵਿਚ ਇਨ੍ਹਾਂ 92 ਵਿਧਾਇਕਾਂ ਵਿਚੋਂ 50 ਵਿਧਾਇਕ ਪਿਛਲੇ ਲੰਬੇ ਸਮੇਂ ਤੋਂ ਲੋਕ ਪੱਖੀ ਸੰਘਰਸ਼ਾਂ ਨਾਲ ਜੁੜੇ ਹੋਏ ਹਨ। ਤਤਕਾਲੀ ਸਰਕਾਰਾਂ ਖ਼ਿਲਾਫ਼ ਸੰਘਰਸ਼ ਦੌਰਾਨ ਉਨ੍ਹਾਂ ਖ਼ਿਲਾਫ਼ ਪੰਜਾਬ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਥਾਣਿਆਂ ਵਿਚ ਧਰਨੇ-ਮੁਜ਼ਾਹਰੇ ਕਰਨ ਅਤੇ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਹਨ।
ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਲਾਉਣ ਦੇ ਦੋਸ਼ ਹੇਠ ਸਭ ਤੋਂ ਵੱਧ ਪੰਜ ਕੇਸ ਬਰਨਾਲਾ ਦੇ ਵਿਧਾਇਕ ਗੁੁਰਮੀਤ ਸਿੰਘ ਮੀਤ ਹੇਅਰ ਖ਼ਿਲਾਫ਼ ਦਰਜ ਹਨ, ਜਿਸ ਵਿਚੋਂ ਦੋ ਚੰਡੀਗੜ੍ਹ ਅਤੇ ਤਿੰਨ ਬਠਿੰਡਾ, ਨਵਾਂ ਸ਼ਹਿਰ ਅਤੇ ਤਰਨਤਾਰਨ ਵਿਚ ਦਰਜ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਥਾਣਾ ਲੰਬੀ, ਕੋਟਕਪੂਰਾ ਵਿਚ ਇੱਕ-ਇੱਕ ਅਤੇ ਥਾਣਾ ਤਰਨ ਤਾਰਨ ਵਿਚ ਦੋ ਮੁਕੱਦਮੇ ਦਰਜ ਹਨ। ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿ੍ਰਸ਼ਨ ਖ਼ਿਲਾਫ਼ ਸੜਕ ਰੋਕਣ ਅਤੇ ਧਰਨੇ ਦੇਣ ਸਬੰਧੀ ਚਾਰ ਮੁਕੱਦਮੇ ਦਰਜ ਹਨ, ਜਿਸ ਵਿਚ ਨਵਾਂ ਸ਼ਹਿਰ, ਚੰਡੀਗੜ੍ਹ ਅਤੇ ਤਰਨ ਤਾਰਨ ਦੇ 2 ਕੇਸ ਸ਼ਾਮਲ ਹਨ।
ਇਸ ਤਰ੍ਹਾਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ 1 ਜਨਵਰੀ, 2020 ਨੂੰ ਨਾਰਥ ਪੁਲਿਸ ਸਟੇਸ਼ਨ ਚੰਡੀਗੜ੍ਹ ਵਿਚ ਰੈਲੀ ਕਰਨ ਅਤੇ ਦਫਾ 144 ਤੋੜਨ ਦੀ ਧਾਰਾ ਹੇਠ ਕੇਸ ਦਰਜ ਹੈ।
ਸੀਨੀਅਰ ਆਗੂ ਅਤੇ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਖ਼ਿਲਾਫ਼ ਵੀ ਧਰਨੇ ਮੁਜ਼ਾਹਰੇ ਕਰਨ ਵਰਗੇ ਦੋਸ਼ਾਂ ਹੇਠ ਥਾਣਾ ਲੰਬੀ, ਸੰਗਰੂਰ ਸਿਟੀ, ਕੋਤਵਾਲੀ ਬਠਿੰਡਾ ਅਤੇ ਚੰਡੀਗੜ੍ਹ ਵਿਚ ਚਾਰ ਮੁਕੱਦਮੇ ਦਰਜ ਹਨ। ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਗੋਗੀ ਖ਼ਿਲਾਫ਼ ਰੇਲਵੇ ਪੁਲਿਸ ਵੱਲੋਂ ਸੇਵਾਵਾਂ ਵਿਚ ਅੜਿੱਕਾ ਪਾਉਣ ਦਾ ਕੇਸ ਦਰਜ ਹੈ।
ਬਾਘਾਪੁਰਾਣਾ ਦੇ ਵਿਧਾਇਕ ਅੰਮਿ੍ਰਤਪਾਲ ਸਿੰਘ ਖ਼ਿਲਾਫ਼ ਥਾਣਾ ਸੁਖਾਨੰਦ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਮੁਜ਼ਾਹਰੇ ਕਰਨ ਤੇ ਕਾਨੂੰਨ ਭੰਗ ਕਰਨ ਵਰਗੇ ਦੋਸ਼ਾਂ ਹੇਠ ਕੇਸ ਦਰਜ ਕੀਤੇ ਗਏ, ਜਦੋਂਕਿ ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਖ਼ਿਲਾਫ਼ 2003 ਵਿਚ ਚੋਣ ਹਿੰਸਾ ਸਬੰਧੀ ਥਾਣਾ ਲੰਬੀ ’ਚ ਕੇਸ ਦਰਜ ਹੈ, ਹਾਲਾਂਕਿ ਹੁਣ ਪੁਲਿਸ ਨੇ ਇਹ ਕੇਸ ਰੱਦ ਕਰਕੇ ਮਾਮਲਾ ਅਦਾਲਤ ਵਿਚ ਭੇਜ ਦਿੱਤਾ ਹੈ। ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਖ਼ਿਲਾਫ਼ ਥਾਣਾ ਫਿਰੋਜ਼ਪੁਰ ਤੇ ਮੱਖੂ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਖ਼ਿਲਾਫ਼ ਕਰੋਨਾ ਮਹਾਮਾਰੀ ਦੌਰਾਨ ਸਕੂਲ ਦਾ ਗੇਟ ਤੋੜਨ ਸਬੰਧੀ ਕੇਸ ਦਰਜ ਹਨ। ਇਸ ਸਰਕਾਰ ਵਿਚ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਖ਼ਿਲਾਫ਼ ਵੀ ਸਾਲ 2020 ਵਿਚ ਧਰਨੇ ਮੁਜ਼ਾਹਰੇ ਕਰਨ ਦੇ ਦੋਸ਼ ਹੇਠ ਕੋਤਵਾਲੀ ਸਿਟੀ ਬਠਿੰਡਾ ਵਿਚ ਕੇਸ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ ਸੀਨੀਅਰ ਆਗੂ ਅਤੇ ਸੁਨਾਮ ਦੇ ਅਮਨ ਅਰੋੜਾ ਖ਼ਿਲਾਫ਼ ਚੰਡੀਗੜ੍ਹ ਵਿਚ ਧਰਨੇ-ਮੁਜ਼ਾਹਰੇ ਕਰਨ ਸਬੰਧੀ ਦੋ ਕੇਸ ਅਤੇ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਖ਼ਿਲਾਫ਼ ਵੀ ਚੰਡੀਗੜ੍ਹ ਵਿਚ ਕੇਸ ਦਰਜ ਹੈ। ਰੂਪਨਗਰ ਤੋਂ ਵਿਧਾਇਕ ਦਿਨੇਸ਼ ਕੁਮਾਰ ਚੱਢਾ ਅਤੇ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਵੀ ਸੰਘਰਸ਼ ਦੀ ਇਸ ਜੰਗ ਵਿਚ ਸ਼ਾਮਲ ਰਹੇ ਹਨ।
ਪਹਿਲੀ ਵਾਰ ਵੱਡੀ ਗਿਣਤੀ ’ਚ ਨੌਜਵਾਨ ਬਣੇ ਵਿਧਾਇਕ
ਭਾਵੇਂ ਪਹਿਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਵੱਡੀ ਉਮਰ ਦੇ ਸਨ ਪਰ ਇਸ ਵਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਬਹੁਤੇ ਵਿਧਾਇਕ ਨੌਜਵਾਨ ਹਨ। ਭਗਵੰਤ ਮਾਨ ਦੀ ਸਰਕਾਰ ਵਿਚ 78 ਵਿਧਾਇਕ ਸੇਵਾਮੁਕਤੀ ਦੀ ਉਮਰ ਤੋਂ ਹੇਠਾਂ ਹਨ, ਜਦੋਂ ਕਿ ਸਿਰਫ 14 ਵਿਧਾਇਕ ਹੀ 60 ਸਾਲ ਦੀ ਉਮਰ ਤੋਂ ਵੱਧ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡੀ ਉਮਰ ਦੇ ਵਿਧਾਇਕ ਅਟਾਰੀ ਤੋਂ ਜਸਵਿੰਦਰ ਸਿੰਘ 69 ਸਾਲ ਹਨ। ਇਸੇ ਤਰ੍ਹਾਂ ਸਭ ਤੋਂ ਛੋਟੀ ਉਮਰ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਸਿਰਫ 27 ਸਾਲ ਅਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਸਿਰਫ 30 ਸਾਲ ਦੇ ਹਨ। ਇਸ ਤੋਂ ਇਲਾਵਾ ਹਰਜੋਤ ਸਿੰਘ ਬੈਂਸ, ਅਨਮੋਲ ਗਗਨ ਮਾਨ ਮਹਿਜ 31 ਸਾਲ ਅਤੇ ਅੰਮਿ੍ਰਤਪਾਲ ਸਿੰਘ ਸੁਖਾਨੰਦ 32 ਸਾਲ ਦੀ ਉਮਰ ਦੇ ਨੌਜਵਾਨ ਆਗੂ ਹਨ। ਇਸ ਸਰਕਾਰ ’ਚ 20 ਵਿਧਾਇਕ 30 ਤੋਂ 40 ਸਾਲ ਦੀ ਉਮਰ ਅਤੇ 32 ਵਿਧਾਇਕ 40 ਤੋਂ 50 ਸਾਲ ਦੀ ਉਮਰ ਦੇ ਹਨ, ਜਦੋਂ ਕਿ 25 ਵਿਧਾਇਕ 50 ਤੋਂ 60 ਸਾਲ ਦੀ ਉਮਰ ਦੇ ਹਨ। ਖ਼ੁਦ ਮੁੱਖ ਮੰਤਰੀ ਭਗਵੰਤ ਮਾਨ 48 ਸਾਲ, ਸੀਨੀਅਰ ਆਗੂ ਅਮਨ ਅਰੋੜਾ 47 ਸਾਲ, ਪ੍ਰੋ. ਬਲਜਿੰਦਰ ਕੌਰ 37 ਸਾਲ ਅਤੇ ਕੁਲਤਾਰ ਸਿੰਘ ਸੰਧਵਾਂ 46 ਸਾਲ ਦੇ ਹਨ।

Share