‘ਆਪ’ ਦੇ ਮੁਅੱਤਲ ਕੌਂਸਲ ਤਾਹਿਰ ਹੁਸੈਨ ਨੇ ਦਿੱਲੀ ਦੰਗਿਆਂ ‘ਚ ਆਪਣੀ ਸ਼ਮੂਲੀਅਤ ਮੰਨੀ: ਦਿੱਲੀ ਪੁਲਿਸ

376
Share

ਨਵੀਂ ਦਿੱਲੀ, 3 ਅਗਸਤ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ (‘ਆਪ’) ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਨੇ ਦਿੱਲੀ ਦੰਗਿਆਂ ‘ਚ ਆਪਣੀ ਸ਼ਮੂਲੀਅਤ ਮੰਨੀ ਹੈ। ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵੱਲੋਂ ਜਾਰੀ ਕਬੂਲਨਾਮੇ ਅਨੁਸਾਰ ਹੁਸੈਨ ਹਿੰਦੂਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਅਤੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯਾਤਰਾ ਦੌਰਾਨ ਕੁਝ ਵੱਡਾ ਕਰਨਾ ਚਾਹੁੰਦਾ ਸੀ। ਪੁਲਿਸ ਦਾ ਦਾਅਵਾ ਹੈ ਕਿ ਕੌਂਸਲਰ ਤੋਂ ਪੁੱਛ-ਪੜਤਾਲ ਦੇ ਆਧਾਰ ‘ਤੇ ਇਹ ਕਬੂਲਨਾਮਾ ਜਾਰੀ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਲਾਕੇ ਵਿਚ ਹੁਸੈਨ ਦਾ ਘਰ ਉੱਚਾ ਹੋਣ ਕਰਕੇ ਉਸ ਨੂੰ ਛੱਤ ਉਪਰ ਖਾਲੀ ਬੋਤਲਾਂ ਇਕੱਠੀਆਂ ਕਰ ਕੇ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜੋ ਤੇਜ਼ਾਬ ਲਈ ਇਸਤੇਮਾਲ ਹੋਣੀਆਂ ਸਨ। ਕਬੂਲਨਾਮੇ ਵਿਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਪ੍ਰਦਰਸ਼ਨਾਂ ਲਈ ਭੀੜ ਇਕੱਠੀ ਕਰਨ ਅਤੇ ਪੈਸੇ ਲਈ ਸੰਸਥਾਵਾਂ ਤੇ ਵਕੀਲਾਂ ਆਦਿ ਤੋਂ ਪੈਸੇ ਦਾ ਪ੍ਰਬੰਧ ਕਰਨ ਦਾ ਵੀ ਜ਼ਿਕਰ ਹੈ। ਪੁਲਿਸ ਅਨੁਸਾਰ ਤਾਹਿਰ ਨੇ 24 ਫਰਵਰੀ 2020 ਨੂੰ ਕਈ ਲੋਕਾਂ ਨੂੰ ਘਰ ਬੁਲਾਇਆ ਅਤੇ ਰਣਨੀਤੀ ਬਣਾਈ। ਉਸ ਨੇ ਆਪਣਾ ਪਰਿਵਾਰ ਕਿਸੇ ਹੋਰ ਥਾਂ ਭੇਜ ਦਿੱਤਾ ਅਤੇ ਕਰੀਬ ਡੇਢ ਵਜੇ ਪੱਥਰਬਾਜ਼ੀ ਸ਼ੁਰੂ ਕੀਤੀ। ਪੁਲਿਸ ਉਸ ਨੂੰ ਦੰਗਿਆਂ ਦਾ ਮਾਸਟਰਮਾਈਂਡ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਵੱਲੋਂ ਜਾਰੀ ਕਬੂਲਨਾਮੇ ਮੁਤਾਬਕ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ 8 ਜਨਵਰੀ ਨੂੰ ਸ਼ਾਹੀਨ ਬਾਗ਼ ਸਥਿਤ ਪਾਪੂਲਰ ਫਰੰਟ ਆਫ ਇੰਡੀਆ ਦੇ ਦਫ਼ਤਰ ‘ਚ ਮਿਲਿਆ ਸੀ।


Share