‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਂਚੋ ਵੱਲੋਂ ਨਾਮਜ਼ਦਗੀ ਪੱਤਰ ਦਾਖਲ

39
Share

ਸੰਗਰੂਰ, 4 ਜੂਨ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਮਾਤਾ ਹਰਪਾਲ ਕੌਰ ਵੀ ਮੌਜੂਦ ਸਨ। ਆਪ ਉਮੀਦਵਾਰ ਗੁਰਮੇਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਸੌਂਪੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ਵੀ ਉਪ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਜ਼ਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਸੀਟ ਲਈ 23 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ। ਇਹ ਵੀ ਦੱਸਣਯੋਗ ਹੈ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 6 ਜੂਨ ਹੈ। ਵੱਡੀਆਂ ਪਾਰਟੀਆਂ ਵਿੱਚ ਹੁਣ ਤੱਕ ਸਿਰਫ਼ ‘ਆਪ’ ਦੇ ਉਮੀਦਵਾਰ ਨੇ ਹੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਕਾਂਗਰਸ ਪਾਰਟੀ ਅਤੇ ਭਾਜਪਾ ਵੱਲੋਂ ਅਜੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਲਈ ਸੰਗਰੂਰ ਸੀਟ ਵੱਕਾਰ ਦਾ ਸਵਾਲ
ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਹਨ ਅਤੇ ਉਹ ਸੰਗਰੂਰ ਲੋਕ ਸਭਾ ਸੀਟ ਤੋਂ ਲਗਾਤਾਰ ਦੋ ਵਾਰ ਸਾਲ 2014 ਅਤੇ ਸਾਲ 2019 ਵਿੱਚ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ। ਇਸ ਕਾਰਨ ਇਹ ਸੀਟ ਉਨ੍ਹਾਂ ਦੇ ਵੱਕਾਰ ਨਾਲ ਜੁੜਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਸ੍ਰੀ ਮਾਨ ਦਾ ਵਿਧਾਨ ਸਭਾ ਹਲਕਾ ਧੂਰੀ ਵੀ ਸੰਗਰੂਰ ਵਿੱਚ ਪੈਂਦਾ ਹੈ। ਸੰਗਰੂਰ ਲੋਕ ਸਭਾ ਹਲਕੇ ਅਧੀਨ ਕੁੱਲ 9 ਵਿਧਾਨ ਸਭਾ ਹਲਕੇ ਆਉਂਦੇ ਹਨ।

Share