ਆਪਣੀ ਦੋਸਤ ਕੁੜੀ ਨੂੰ ਮਾਰਨ ਦੇ ਦੋਸ਼ ਹੇਠ ਪਿਛਲੇ 2 ਦਹਾਕਿਆਂ ਤੋਂ ਉਮਰ ਭਰ ਲਈ ਜੇਲ ਵਿਚ ਬੰਦ ਪ੍ਰੇਮੀ ਦੀ ਹੋਈ ਰਿਹਾਈ

40
ਅਦਨਾਨ ਸਈਦ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਦੀ ਇਕ ਪੁਰਾਣੀ ਤਸਵੀਰ
Share

* ਜੱਜ ਨੇ ਜੀ ਪੀ ਐਸ ਰਾਹੀਂ ਉਸ ਉਪਰ ਨਜਰ ਰੱਖਣ ਦਾ ਦਿੱਤਾ ਆਦੇਸ਼
ਸੈਕਰਾਮੈਂਟੋ, 21 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਆਪਣੀ ਦੋਸਤ ਕੁੜੀ ਦੇ ਕਤਲ ਦੇ ਮਾਮਲੇ ਵਿਚ ਦੋ ਦਹਾਕਿਆਂ ਤੋਂ ਵੀ ਵਧ ਸਮਾਂ ਜੇਲ ਵਿਚ ਬੰਦ ਰਹਿਣ ਤੋਂ ਬਾਅਦ ਅਦਨਾਨ ਸਈਦ ਨਾਮੀ ਵਿਅਕਤੀ ਨੂੰ ਬਾਲਟੀਮੋਰ ਦੀ ਇਕ ਅਦਾਲਤ ਨੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਸਰਕਟ ਕੋਰਟ ਜੱਜ ਮੈਲੀਸਾ ਫਿਨ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਸਈਦ ਦੀ ਸਜ਼ਾ ਰੱਦ ਕਰ ਦਿੱਤੀ ਜਾਵੇ। ਜਿਸ ਉਪਰੰਤ ਅਦਾਲਤ ਵਿਚ ਹੀ ਉਸ ਦੀ ਹੱਥ ਕੜੀ ਖੋਲ ਦਿੱਤੀ ਗਈ ਤੇ ਉਹ ਆਜ਼ਾਦ ਹੋ ਗਿਆ। ਜਿਉਂ ਹੀ ਸਈਦ ਦੀ ਹੱਥ ਕੜੀ ਖੋਲੀ ਗਈ ਤਾਂ ਅਦਾਲਤ ਵਿਚ ਮੌਜੂਦ ਉਸ ਦੀ ਮਾਂ ਤੇ ਪਰਿਵਾਰ ਦੇ ਹੋਰ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਟੇਟ ਨੇ ਸਈਦ ਦੇ ਵਕੀਲ ਨਾਲ ਸਬੂਤ ਸਾਂਝੇ ਕਰਨ ਦੇ ਮਾਮਲੇ ਵਿਚ ਕਾਨੂੰਨੀ ਜਿੰਮੇਵਾਰੀ ਨਹੀਂ ਨਿਭਾਈ। ਜੱਜ ਨੇ ਸਈਦ ਨੂੰ ਰਿਹਾਅ ਕਰਨ ਦਾ ਆਦੇਸ਼ ਦਿੰਦਿਆਂ ਕਿਹਾ ਕਿ ਫਿਲਹਾਲ ਉਸ ਉਪਰ ਜੀ ਪੀ ਐਸ ਰਾਹੀਂ ਨਜਰ ਰੱਖੀ ਜਾਵੇ। ਜੱਜ ਨੇ ਸਟੇਟ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਸ 30 ਦਿਨਾਂ ਵਿਚ ਫੈਸਲਾ ਕਰੇ ਕਿ ਕੀ ਸਈਦ ਵਿਰੁੱਧ ਨਵੇਂ ਸਿਰੇ ਤੋਂ ਮੁਕੱਦਮਾ ਚਲਾਉਣਾ ਹੈ ਜਾਂ ਕੇਸ ਰੱਦ ਕਰਨਾ ਹੈ। ਅਦਾਲਤ ਦੇ ਇਸ ਫੈਸਲੇ ਨੂੰ ਇਕ ਐਪ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਜਿਸ ਉਪਰ ਹੋਈ ਚਰਚਾ ਦੌਰਾਨ ਮੇਜਬਾਨ ਸਾਰਾਹ ਕੋਨਿੰਗ ਨੇ ਇਹ ਸਿੱਟਾ ਕੱਢਿਆ ਸੀ ਕਿ ਉਹ ਯਕੀਨ ਨਾਲ ਨਹੀਂ ਕਹਿ ਸਕਦੀ ਕਿ ਸਈਦ ਦੀ ਕਿਸੇ ਵੇਲੇ ਦੋਸਤ ਰਹੀ ਕੁੜੀ ਹੇ ਮਿਨ ਲੀ ਦੀ ਹੱਤਿਆ ਕਿਸ ਨੇ ਕੀਤੀ ਹੈ। ਤੱਥਾਂ ਅਧਾਰਤ ਹੋਈ ਇਸ ਬਹਿਸ ਨੇ ਰਾਸ਼ਟਰੀ ਪੱਧਰ ‘ਤੇ ਲੋਕਾਂ ਦਾ ਧਿਆਨ ਖਿਚਿਆ ਸੀ। ਸਈਦ ਨੂੰ 1999 ਵਿਚ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਤੋਂ ਇਲਾਵਾ 30 ਸਾਲ ਹੋਰ ਸਜ਼ਾ ਸੁਣਾਈ ਸੀ। ਉਸ ਸਮੇ ਉਸ ਦੀ ਉਮਰ 17 ਸਾਲ ਸੀ ਤੇ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ ਸੀ। ਇਸ ਤੋਂ ਪਹਿਲਾਂ ਉਸ ਦੀ ਸਜ਼ਾ ਵਿਰੁੱਧ ਕੀਤੀਆਂ ਗਈਆਂ ਕਈ ਅਪੀਲਾਂ ਰੱਦ ਕਰ ਦਿੱਤੀਆਂ ਗਈਆਂ ਸਨ।

 


Share