ਆਟਾ-ਦਾਲ ਸਕੀਮ ਵਾਲੇ ਕਾਰਡ ਧਾਰਕਾਂ ਨੂੰ ਲੱਗ ਸਕਦੈ ਝਟਕਾ

38

ਸ਼ੇਰਪੁਰ, 3 ਦਸੰਬਰ (ਪੰਜਾਬ ਮੇਲ)- ਸਿਆਸੀ ਪਾਰਟੀਆਂ ਚੋਣਾਂ ਸਮੇਂ ਲੋਕਾਂ ਦੀਆਂ ਵੋਟਾਂ ਵਟੋਰਨ ਲਈ ਵੱਡੀਆਂ-ਵੱਡੀਆਂ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਹਨ ਪਰ ਸੱਤਾ ਹਾਸਲ ਕਰਨ ਉਪਰੰਤ ਕੀਤੇ ਵਾਅਦਿਆਂ ’ਤੇ ਬੇਲੋੜੀਆਂ ਸ਼ਰਤਾਂ ਨਿਰਧਾਰਤ ਕਰਕੇ ਘੱਟ ਤੋਂ ਘੱਟ ਲੋਕਾਂ ਨੂੰ ਸਹੂਲਤ ਦੇਣ ਦਾ ਯਤਨ ਕਰਦੀਆਂ ਹਨ। ਭਾਵੇਂ ਕੁਝ ਸਰਦੇ ਪੁੱਜਦੇ ਲੋਕ ਵੀ ਗਰੀਬ ਪਰਿਵਾਰ ਨੂੰ ਮਿਲਣ ਵਾਲੀਆਂ ਸਹੂਲਤਾਂ ਹਾਸਲ ਕਰਨ ਵਿਚ ਸਫਲ ਹੋ ਜਾਂਦੇ ਹਨ, ਜਿਸ ਕਰਕੇ ਪਿਛਲੇ ਦਿਨੀਂ ਪੰਜਾਬ ਅੰਦਰ ਸਰਦੇ ਪੁੱਜਦੇ ਘਰਾਂ ਵਲੋਂ ਵੀ ਘੱਟ ਕੀਮਤ ’ਤੇ ਮਿਲਦੀ ਕਣਕ ਲੈਣ ਦੇ ਚਰਚੇ ਹੋਏ ਸਨ। ਹੁਣ ਸੂਬਾ ਸਰਕਾਰ ਵਲੋਂ ਵੀ ਆਟਾ ਦਾਲ ਸਕੀਮ ਵਾਲੇ ਕਾਰਡਾਂ ਦੀ ਵੈਰੀਫਿਕੇਸ਼ਨ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ‘ਆਪ’ ਨੇ ਪਿਛਲੀ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਇਸ ਕੰਮ ਵਿਚ ਬੇਨਿਯਮੀ ਕਰਨ ਅਤੇ ਲਾਹਪ੍ਰਵਾਹ ਰਵੱਈਆ ਅਪਨਾਉਣ ਲਈ ਵੱਡੇ ਪੱਧਰ ’ਤੇ ਭੰਡਿਆ ਸੀ। ‘ਆਪ’ ਸਰਕਾਰ ਵਲੋਂ ਇਸ ਸਬੰਧੀ ਵੈਰੀਫਿਕੇਸ਼ਨ ਕਰਨ ਦਾ ਐਲਾਨ ਕਰਦਿਆਂ ਵਿਭਾਗ ਵਲੋਂ ਕੁਝ ਨਿਯਮ ਤੇ ਸ਼ਰਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪੂਰਾ ਕਰਦੇ ਯੋਗ ਲਾਭਪਾਤਰੀ ਹੀ ਦੋ ਰੁਪਏ ਕਿੱਲੋ ਵਾਲੀ ਕਣਕ ਅਤੇ ਪ੍ਰਧਾਨ ਮੰਤਰੀ ਯੋਜਨਾ ਵਾਲੀ ਕਣਕ ਪ੍ਰਾਪਤ ਕਰ ਸਕਣਗੇ।