ਆਖਿਰਕਾਰ ਹੱਤਿਆ ਦੇ ਦੋਸ਼ੀ ਸਮਿਥ ਨੂੰ ਲਾਇਆ ਜ਼ਹਿਰ ਦਾ ਟੀਕਾ

300
ਅਟਮੋਰ, ਅਲਬਾਮਾ ਵਿਚ ਸਥਿਤ ਵਿਲੀਅਮ ਸੀ ਹੋਲਮਾਨ ਕੋਰੈਕਸ਼ਨਲ ਫੈਸਿਲਟੀ ਜਿਥੇ ਵਿਲੀ ਬੀ ਸਮਿੱਥ ਨੂੰ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ।
Share

-ਤਕਰੀਬਨ 30 ਸਾਲਾਂ ਬਾਅਦ ਪੀੜਤ ਪਰਿਵਾਰ ਨੂੰ ਮਿਲਿਆ ਨਿਆਂ
ਸੈਕਰਾਮੈਂਟੋ, 23 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬਹੁਤ ਹੀ ਬੇਰਹਿਮੀ ਨਾਲ 30 ਸਾਲ ਪਹਿਲਾਂ ਹੋਈ ਹੱਤਿਆ ਦੇ ਦੋਸ਼ੀ ਵਿਲੀ ਬੀ ਸਮਿੱਥ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਸੁਪਰੀਮ ਕੋਰਟ ਵੱਲੋਂ ਦੋਸ਼ੀ ਦੁਆਰਾ ਆਖਿਰੀ ਪਲਾਂ ਵਿਚ ਆਪਣੀ ਮੌਤ ਦੀ ਸਜ਼ਾ ਵਿਰੁੱਧ ਦਾਇਰ ਕੀਤੀ ਗਈ ਅਪੀਲ ਨੂੰ ਰੱਦ ਕਰਨ ਉਪਰੰਤ ਅਟਮੋਰ, ਅਲਾਬਾਮਾ ਦੀ ਜੇਲ੍ਹ ਵਿਚ ਸਮਿੱਥ ਨੂੰ ਸੁਣਾਈ ਮੌਤ ਦੀ ਸਜ਼ਾ ਉਪਰ ਅਮਲ ਕੀਤਾ ਗਿਆ। ਅਟਰਾਨੀ ਜਨਰਲ ਦੇ ਦਫਤਰ ਅਨੁਸਾਰ ਸਮਿੱਥ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 9.47 ਵਜੇ ਜ਼ਹਿਰੀਲਾ ਟੀਕਾ ਲਗਾਇਆ ਗਿਆ। ਸਮਿੱਥ ਨੂੰ 1991 ’ਚ 22 ਸਾਲਾ ਸ਼ਰਮਾ ਰੂਥ ਜੌਹਨਸਨ ਨੂੰ ਲੁੱਟਮਾਰ ਕਰਨ ਉਪਰੰਤ ਚੋਰੀ ਕੀਤੀ ਹੋਈ ਕਾਰ ਦੀ ਡਿੱਗੀ ਵਿਚ ਬੰਦ ਕਰਕੇ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਜਾਂਚਕਾਰ ਅਧਿਕਾਰੀਆਂ ਅਨੁਸਾਰ ਸਮਿਥ ਨੇ ਸ਼ਰਮਾ ਰੂਥ ਦੀ ਹੱਤਿਆ ਕਰਨ ਉਪਰੰਤ ਕਾਰ ਨੂੰ ਅੱਗ ਲਾ ਦਿੱਤੀ, ਤਾਂ ਜੋ ਸਾਰੇ ਸਬੂਤਾਂ ਨੂੰ ਨਸ਼ਟ ਕੀਤਾ ਜਾ ਸਕੇ। ਲੰਬੀ ਕਾਨੂੰਨੀ ਲੜਾਈ ਉਪਰੰਤ ਇਸਤਗਾਸਾ ਪੱਖ ਦੋਸ਼ੀ ਦਾ ਜੁਰਮ ਸਾਬਤ ਕਰਨ ’ਚ ਸਫਲ ਰਿਹਾ। ਅਟਾਰਨੀ ਜਨਰਲ ਸਟੀਵ ਮਾਰਸ਼ਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸ਼ਰਮਾ ਜੌਹਨਸਨ ਪਰਿਵਾਰ ਨੂੰ ਨਿਆਂ ਵਾਸਤੇ 29 ਸਾਲ 11 ਮਹੀਨੇ 25 ਦਿਨ ਉਡੀਕ ਕਰਨੀ ਪਈ ਪਰੰਤੂ ਆਖਿਰਕਾਰ ਦੋਸ਼ੀ ਨੂੰ ਉਸ ਦੇ ਅੰਜਾਮ ਤੱਕ ਪਹੁੰਚਾਇਆ ਗਿਆ ਤੇ ਉਸ ਨੂੰ ਕੀਤੇ ਗੁਨਾਹ ਲਈ ਸਜ਼ਾ ਮਿਲੀ। ਇਥੇ ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿਚ ਸਮਿੱਥ ਨੇ ਦਾਇਰ ਪਟੀਸ਼ਨ ’ਚ ਕਿਹਾ ਸੀ ਕਿ ਉਸ ਦੇ ਅਧਿਆਤਮਿਕ ਸਲਾਹਕਾਰ ਦੀ ਹਾਜ਼ਰੀ ਵਿਚ ਮੌਤ ਦੀ ਸਜ਼ਾ ਉਪਰ ਅਮਲ ਕੀਤਾ ਜਾਵੇ, ਜਿਸ ’ਤੇ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਉਪਰ ਅਮਲ ਰੋਕ ਦਿੱਤਾ ਸੀ। ਬਾਅਦ ਵਿਚ ਅਲਾਬਾਮਾ ਸਟੇਟ ਦੁਆਰਾ ਦੋਸ਼ੀ ਦੀ ਇੱਛਾ ਅਨੁੁਸਾਰ ਸਜ਼ਾ ਉਪਰ ਅਮਲ ਕਰਨ ਵਿਰੁੱਧ ਦਾਇਰ ਦਰਖਾਸਤ ’ਤੇ ਸੰਘੀ ਅਦਾਲਤ ਨੇ ਦੋਸ਼ੀ ਦੀ ਅਪੀਲ ਰੱਦ ਕਰ ਦਿੱਤੀ ਸੀ।

Share