ਆਖਰ ਵਿਦਿਆਰਥੀਆਂ ਸਾਹਮਣੇ ਝੁਕਣਾ ਪਿਆ ਡੋਨਾਲਡ ਟਰੰਪ ਨੂੰ

648
Share

ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਅਮਰੀਕੀ ਫੈਡਰਲ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ 6 ਜੁਲਾਈ ਦੇ ਆਪਣੇ ਹੁਕਮ ਨੂੰ ਰੱਦ ਕਰਣ ਲਈ ਰਾਜੀ ਹੋ ਗਿਆ ਹੈ, ਜਿਸ ਵਿਚ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਦੇ ਦੇਸ਼ ‘ਚ ਰਹਿਣ ‘ਤੇ ਅਸਥਾਈ ਰੋਕ ਲਗਾਈ ਗਈ ਸੀ, ਜੋ ਕਾਲਜ ਜਾਂ ਯੂਨੀਵਰਸਿਟੀ ਜਾ ਕੇ ਪੜ੍ਹਾਈ ਨਹੀਂ ਕਰ ਰਹੇ ਹਨ।
ਇਸ ਹੁਕਮ ਖ਼ਿਲਾਫ ਦੇਸ਼ ਭਰ ‘ਚ ਗੁੱਸਾ ਅਤੇ ਵੱਡੀ ਗਿਣਤੀ ‘ਚ ਸਿੱਖਿਅਕ ਸੰਸਥਾਨਾਂ ਵੱਲੋਂ ਮੁਕੱਦਮਾ ਦਰਜ ਕੀਤੇ ਜਾਣ ਦੇ ਬਾਅਦ ਟਰੰਪ ਪ੍ਰਸ਼ਾਸਨ ਨੇ ਇਹ ਹੁਕਮ ਪਲਟ ਦਿੱਤਾ ਹੈ। ਮੰਨੀ ਪ੍ਰਮੰਨੀ ਹਾਰਵਰਡ ਯੂਨੀਵਰਸਿਟੀ ਅਤੇ ਮੈਸਾਚਿਉਸੇਟਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ.ਆਈ.ਟੀ.) ਸਮੇਤ ਕਈ ਸਿੱਖਿਅਕ ਸੰਸਥਾਨਾਂ ਨੇ ਹੋਮਲੈਂਡ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਅਤੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੂੰ ਉਸ ਹੁਕਮ ਨੂੰ ਲਾਗੂ ਕਰਣ ਤੋਂ ਰੋਕਣ ਦਾ ਵਿਰੋਧ ਕੀਤਾ, ਜਿਸ ਵਿਚ ਸਿਰਫ ਆਨਲਾਈਨ ਕਲਾਸਾਂ ਲੈ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਦੇਸ਼ ਵਿਚ ਰਹਿਣ ‘ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਸੀ। ਮੈਸਾਚੁਸੇਟਸ ‘ਚ ਅਮਰੀਕੀ ਸਮੂਹ ਅਦਾਲਤ ‘ਚ ਇਸ ਮੁਕੱਦਮੇ ਦੇ ਸਮਰਥਨ ‘ਚ 17 ਸੂਬਿਆਂ ਅਤੇ ਡਿਸਟਰਿਕਟ ਆਫ ਕੋਲੰਬੀਆ ਦੇ ਨਾਲ ਹੀ ਗੂਗਲ, ਫੇਸਬੁੱਕ ਅਤੇ ਮਾਈਕ੍ਰੋਸਾਫਟ ਵਰਗੀਆਂ ਸਿਖਰ ਅਮਰੀਕੀ ਆਈ.ਟੀ. ਕੰਪਨੀਆਂ ਵੀ ਆ ਗਈਆਂ।  ਬੋਸਟਨ ਵਿਚ ਫੈਡਰਲ ਜ਼ਿਲ੍ਹਾ ਜੱਜ ਐਲੀਸਨ ਬਰਾਘ ਨੇ ਕਿਹਾ, ‘ਮੈਨੂੰ ਪੱਖਕਾਰਾਂ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਇਕ ਫੈਸਲਾ ਕੀਤਾ ਹੈ। ਉਹ ਸਥਿਤੀ ਨੂੰ ਮੁੜ ਬਹਾਲ ਕਰਣਗੇ।’ ਇਹ ਐਲਾਨ ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ ਲੈ ਕੇ ਆਇਆ ਹੈ, ਜਿਨ੍ਹਾਂ ਵਿਚ ਭਾਰਤ ਦੇ ਵਿਦਿਆਰਥੀ ਵੀ ਸ਼ਾਮਲ ਹਨ। ਅਕਾਦਮਿਕ ਸਾਲ 2018-19 ‘ਚ ਅਮਰੀਕਾ ਵਿਚ 10 ਲੱਖ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਰਹਿ ਰਹੇ ਸਨ। ਸਟੂਡੈਂਟ ਐਂਡ ਐਕਸਚੇਂਜ ਵਿਜ਼ੀਟਰ ਪ੍ਰੋਗਰਾਮ (ਐੱਸ.ਈ.ਵੀ.ਪੀ.) ਅਨੁਸਾਰ ਜਨਵਰੀ ਵਿਚ ਅਮਰੀਕਾ ਦੇ ਵੱਖ-ਵੱਖ ਅਕਾਦਮਿਕ ਸੰਸਥਾਨਾਂ ਵਿਚ 1,94,556 ਭਾਰਤੀ ਵਿਦਿਆਰਥੀ ਰਜਿਸਟਰਡ ਸਨ। ਜੱਜ ਬਰਾਘ ਨੇ ਕਿਹਾ ਕਿ ਇਹ ਨੀਤੀ ਦੇਸ਼ ਭਰ ‘ਚ ਲਾਗੂ ਹੋਵੇਗੀ। ਸੰਸਦ ਬਰੈਡ ਸਨੀਡਰ ਨੇ ਕਿਹਾ ਕਿ ਇਹ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਲਜਾਂ ਲਈ ਵੱਡੀ ਜਿੱਤ ਹੈ। ਕਈ ਸੰਸਦ ਮੈਂਬਰਾਂ ਨੇ ਪਿਛਲੇ ਹਫ਼ਤੇ ਟਰੰਪ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਵਿਦੇਸ਼ੀ ਵਿਦਿਆਰਥੀਆਂ ‘ਤੇ ਆਪਣੇ
ਹੁਕਮ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ 6 ਜੁਲਾਈ ਨੂੰ ਨਵੀਂ ਵੀਜ਼ਾ ਪਾਲਿਸੀ ਜਾਰੀ ਕੀਤੀ ਸੀ। ਇਸ ਵਿਚ ਵਿਦੇਸ਼ੀ ਵਿਦਿਆਰਥੀਆਂ ਲਈ ਕਲਾਸ ਵਿਚ ਜਾ ਕੇ ਪੜ੍ਹਾਈ ਕਰਨ ਨੂੰ ਲਾਜ਼ਮੀ ਕੀਤਾ ਗਿਆ ਸੀ। ਨਵੀਂ ਵੀਜ਼ਾ ਪਾਲਿਸੀ ਵਿਚ ਕਿਹਾ ਗਿਆ ਸੀ ਕਿ ਜਿਹੜਾ ਵਿਦਿਆਰਥੀ ਕਲਾਸ ਵਿਚ ਜਾ ਕੇ ਪੜ੍ਹਾਈ ਨਹੀਂ ਕਰੇਗਾ, ਉਨ੍ਹਾਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ ਜਾਵੇਗਾ। ਨਵੀਂ ਵੀਜ਼ਾ ਪਾਲਿਸੀ ‘ਚ ਕਿਹਾ ਗਿਆ ਸੀ ਕਿ ਜਿਹੜਾ ਵਿਦੇਸ਼ੀ ਵਿਦਿਆਰਥੀ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰੇਗਾ ਉਸ ਨੂੰ ਅਮਰੀਕਾ ਛੱਡਣਾ ਪਵੇਗਾ।


Share