ਆਕਸਫੋਰਡ ਯੂਨੀਵਰਸਿਟੀ ਜਿਸ ਵੈਕਸੀਨ ‘ਤੇ ਕੰਮ ਕਰ ਰਹੀ ਹੈ, ਉਹ ਕੋਰੋਨਾਵਾਇਰਸ ਦੇ ਤੋੜ ਦੀ ਦੌੜ ਵਿਚ ਸਭ ਤੋਂ ਅੱਗੇ : ਡਬਲਯੂ. ਐਚ. ਓ.

676
Share

ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਦੁਨੀਆ ਦੇ ਕਈ ਦੇਸ਼ ਅਤੇ ਉਨ੍ਹਾਂ ਦੇ ਸਿਹਤ ਅਤੇ ਖੋਜ ਸੰਸਥਾਨ ਕੋਰੋਨਾਵਾਇਰਸ ਦੀ ਵੈਕਸੀਨ ਦੀ ਖੋਜ ਵਿਚ ਲੱਗੇ ਹਨ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਮੁਤਾਬਕ ਆਕਸਫੋਰਡ ਯੂਨੀਵਰਸਿਟੀ ਜਿਸ ਵੈਕਸੀਨ ‘ਤੇ ਕੰਮ ਕਰ ਰਹੀ ਹੈ, ਉਹ ਕੋਰੋਨਾਵਾਇਰਸ ਦੇ ਤੋੜ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਡਬਲਯੂ. ਐਚ. ਓ. ਦੀ ਚੀਫ ਸਾਇੰਸਦਾਨ ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਉਹ ਜਿਸ ਪੜਾਅ ‘ਤੇ ਹਨ ਅਤੇ ਜਿੰਨੇ ਐਡਵਾਂਸਡ ਹਨ, ਮੈਨੂੰ ਲੱਗਦਾ ਹੈ ਉਹ ਸਭ ਤੋਂ ਅੱਗੇ ਨਿਕਲ ਰਹੇ ਹਨ। ਆਕਸਫੋਰਡ ਅਤੇ ਐਸਟਰਾਜ਼ੈਨੇਕਾ ਪੀ. ਐਲ. ਸੀ. ਦੀ ਵੈਕਸੀਨ ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿਚ ਹੈ। ਇਸ ਪੜਾਅ ਵਿਚ ਪਹੁੰਚਣ ਵਾਲੀ ਦੁਨੀਆ ਦੀ ਇਸ ਪਹਿਲੀ ਵੈਕਸੀਨ ਨੂੰ ਹੁਣ 10,260 ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਦਾ ਟ੍ਰਾਇਲ ਬਿ੍ਰਟੇਨ, ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਵਿਚ ਵੀ ਹੋ ਰਿਹਾ ਹੈ।

ਸਵਾਮੀਨਾਥਨ ਨੇ ਆਖਿਆ ਕਿ ਸਾਨੂੰ ਪਤਾ ਹੈ ਕਿ ਮੋਡੇਰਨਾ ਦੀ ਵੈਕਸੀਨ ਵੀ ਤੀਜੇ ਫੇਜ਼ ਦੇ ਕਲੀਨਿਕਲ ਟ੍ਰਾਇਲ ਵਿਚ ਪਹੁੰਚਣ ਵਾਲੀ ਹੈ, ਸ਼ਾਇਦ ਜੁਲਾਈ ਵਿਚ, ਇਸ ਲਈ ਉਹ ਵੀ ਜ਼ਿਆਦਾ ਪਿੱਛੇ ਨਹੀਂ ਹੈ। ਹਾਲਾਂਕਿ ਉਨ੍ਹਾਂ ਆਖਿਆ ਕਿ ਇਹ ਦੇਖਿਆ ਜਾਵੇ ਕਿ ਉਹ ਆਪਣੇ ਟ੍ਰਾਇਲ ਕਿਥੇ ਪਲਾਨ ਕਰ ਰਹੇ ਹਨ ਅਤੇ ਕਿਥੇ ਕਰਨਗੇ, ਤਾਂ ਦਾ ਗਲੋਬਲ ਸਕੋਪ ਜ਼ਿਆਦਾ ਹੈ। ਇਹ ਵੈਕਸੀਨ ਵਾਇਰਸ ਨਾਲ ਬਣੀ ਹੈ ਜੋ ਆਮ ਸਰਦੀ ਪੈਦਾ ਕਰਨ ਵਾਲੇ ਵਾਇਰਸ ਦਾ ਇਕ ਕਮਜ਼ੋਰ ਰੂਪ ਹੈ। ਇਸ ਨੂੰ ਜੈਨੇਟਿਕਲੀ ਬਦਲਿਆ ਗਿਆ ਹੈ ਇਸ ਲਈ ਇਸ ਨਾਲ ਇਨਸਾਨਾਂ ਵਿਚ ਇਨਫੈਕਸ਼ਨ ਨਹੀਂ ਹੁੰਦੀ ਹੈ।


Share