ਲੰਡਨ, 13 ਫਰਵਰੀ (ਪੰਜਾਬ ਮੇਲ)- ਆਕਸਫੋਰਡ ਯੂਨੀਵਰਸਿਟੀ ਆਪਣੇ ਕੋਵਿਡ-19 ਰੋਕੂ ਟੀਕੇ ਦਾ ਪਹਿਲੀ ਵਾਰ ਬੱਚਿਆਂ ’ਤੇ ਪ੍ਰੀਖਣ ਕਰਨ ਦੀ ਯੋਜਨਾ ਬਣਾ ਰਹੀ ਹੈ। ਯੂਨੀਵਰਸਿਟੀ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਉਸ ਦੇ ਵੈਕਸੀਨੇਸ਼ਨ ਟਰਾਇਲ ਵਿਚ 6 ਤੋਂ 17 ਸਾਲ ਦੇ 300 ਵਾਲੰਟੀਅਰ ਸ਼ਾਮਲ ਕਰਨ ਦੀ ਯੋਜਨਾ ਹੈ। ਇਨ੍ਹਾਂ ਵਿਚੋਂ 240 ਨੂੰ ਕੋਵਿਡ-19 ਦਾ ਅਤੇ 60 ਨੂੰ ਦਿਮਾਗ਼ੀ ਬੁਖ਼ਾਰ ਦਾ ਟੀਕਾ ਲਾਇਆ ਜਾਵੇਗਾ। ਆਕਸਫੋਰਡ ਵੈਕਸੀਨ ਟਰਾਇਲ ਦੇ ਮੁੱਖ ਖੋਜੀ ਐਂਡਰਿਊ ਪੋਲਾਰਡ ਨੇ ਕਿਹਾ ਕਿ ਹਾਲਾਂਕਿ ਜ਼ਿਆਦਾਤਰ ਬੱਚਿਆਂ ਵਿਚ ਕੁੱਝ ’ਤੇ ਕਰੋਨਾ ਦਾ ਗੰਭੀਰ ਅਸਰ ਨਹੀਂ ਹੁੰਦਾ, ਪਰ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣਾ ਅਹਿਮ ਹੈ ਕਿਉਂਕਿ ਵੈਕਸੀਨੇਸ਼ਨ ਨਾਲ ਕੁੱਝ ਬੱਚਿਆਂ ਨੂੰ ਲਾਭ ਜ਼ਰੂਰ ਹੋਵੇਗਾ। ਜ਼ਿਕਰਯੋਗ ਹੈ ਕਿ 50 ਤੋਂ ਵੱਧ ਦੇਸ਼ਾਂ ਨੇ ਐਸਟਰਾਜੈਨੇਕਾ ਵੱਲੋਂ ਉਤਪਾਦਨ ਅਤੇ ਵੰਡੀ ਜਾ ਰਹੀ ਆਕਸਫੋਰਡ ਵੈਕਸੀਨ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੋਰ ਦਵਾ ਕੰਪਨੀਆਂ ਵੀ ਬੱਚਿਆਂ ’ਤੇ ਆਪਣੇ ਟੀਕੇ ਦਾ ਪ੍ਰੀਖਣ ਕਰ ਰਹੀਆਂ ਹਨ। ਫਾਈਜ਼ਰ ਦਾ ਟੀਕਾ ਪਹਿਲਾਂ ਹੀ 16 ਸਾਲ ਉਮਰ ਤੋਂ ਵੱਧ ਲੋਕਾਂ ਨੂੰ ਲਾਇਆ ਜਾ ਰਿਹਾ ਹੈ।