ਆਈ. ਪੀ. ਐੱਲ.-13 : ਦਿੱਲੀ ਨੇ ਚੇਨਈ ਨੂੰ 44 ਦੌੜਾਂ ਨਾਲ ਹਰਾਇਆ

567
Share

ਦੁਬਈ, 25 ਸਤੰਬਰ (ਪੰਜਾਬ ਮੇਲ)- ਨੌਜਵਾਨ ਓਪਨਰ ਪ੍ਰਿਥਵੀ ਸ਼ਾਹ (64) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ ਸ਼ੁੱਕਰਵਾਰ 44 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ.-13 ‘ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ, ਜਦਕਿ ਚੇਨਈ ਨੂੰ ਤਿੰਨ ਮੈਚਾਂ ‘ਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਪ੍ਰਿਥਵੀ ਦੇ 43 ਗੇਂਦਾਂ ‘ਤੇ 9 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਬਣਾਏ ਗਏ 64 ਦੌੜਾਂ ਅਤੇ ਸ਼ਿਖਰ ਧਵਨ (35), ਵਿਕਟਕੀਪਰ ਰਿਸ਼ਭ ਪੰਤ (ਅਜੇਤੂ 37) ਅਤੇ ਕਪਤਾਨ ਸ਼੍ਰੇਅਸ ਅਈਅਰ (26) ਦੇ ਮਹੱਤਵਪੂਰਨ ਯੋਗਦਾਨ ਨਾਲ 20 ਓਵਰਾਂ ‘ਚ ਤਿੰਨ ਵਿਕਟਾਂ ‘ਤੇ 175 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਚੇਨਈ ਦੀ ਬੱਲੇਬਾਜ਼ੀ ਲਗਾਤਾਰ ਦੂਜੇ ਮੈਚ ‘ਚ ਵੱਡੇ ਸਕੋਰ ਦੇ ਦਬਾਅ ‘ਚ ਖਿਲਰ ਗਈ ਅਤੇ 20 ਓਵਰਾਂ ‘ਚ 7 ਵਿਕਟਾਂ ‘ਤੇ 131 ਦੌੜਾਂ ‘ਤੇ ਹੀ ਪਹੁੰਚ ਸਕੀ। ਕੈਗਿਸੋ ਰਬਾਡਾ ਨੇ ਦਿੱਲੀ ਵਲੋਂ 26 ਦੌੜਾਂ ‘ਤੇ ਤਿੰਨ ਵਿਕਟਾਂ ਜਦਕਿ ਐੱਨਰਿਚ ਨੇ 21 ਦੌੜਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ। ਸ਼ੇਨ ਵਾਟਸਨ ਨੇ 16 ਗੇਂਦਾਂ ‘ਚ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 14 ਦੌੜਾਂ ਬਣਾਈਆਂ। ਓਪਨਰ ਮੁਰਲੀ ਵਿਜੇ ਦਾ ਖਰਾਬ ਪ੍ਰਦਰਸ਼ਨ ਇਸ ਮੈਚ ‘ਚ ਵੀ ਜਾਰੀ ਰਿਹਾ ਅਤੇ ਉਹ 15 ਗੇਂਦਾਂ ‘ਚ ਇਕ ਚੌਕੇ ਦੇ ਸਹਾਰੇ 10 ਦੌੜਾਂ ਹੀ ਬਣਾ ਸਕਿਆ। ਨੌਜਵਾਨ ਬੱਲੇਬਾਜ਼ ਰਿਤੁਰਾਜ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਧੋਨੀ ਨੇ 12 ਗੇਂਦਾਂ ‘ਤੇ 15 ਦੌੜਾਂ ‘ਚ 2 ਚੌਕੇ ਲਗਾਏ। ਨੋਰਤਜੇ ਨੇ ਚਾਰ ਓਵਰ ‘ਚ ਸਿਰਫ 21 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਹਾਸਲ ਕੀਤੀਆਂ। ਪਟੇਲ ਨੇ ਚਾਰ ਓਵਰਾਂ ‘ਚ ਸਿਰਫ 18 ਦੌੜਾਂ ਦਿੱਤੀਆਂ 1 ਵਿਕਟ ਹਾਸਲ ਕੀਤੀ।


Share