ਆਈ.ਪੀ.ਐੱਲ.: ਚੇਨੱਈ ਸੁਪਰ ਕਿੰਗਜ਼ ਦਾ ਸਟਾਫ਼ ਵੀ ਕਰੋਨਾ ਦੀ ਲਪੇਟ ‘ਚ!

649
Share

-ਧੋਨੀ ਦੀ ਅਗਵਾਈ ਵਾਲੀ ਟੀਮ ਦਾ ਦੁਬਈ ਇਕਾਂਤਵਾਸ 1 ਸਤੰਬਰ ਤੱਕ ਵਧਿਆ
ਨਵੀਂ ਦਿੱਲੀ, 28 ਅਗਸਤ (ਪੰਜਾਬ ਮੇਲ)-ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਗੇਂਦਬਾਜ਼ ਸਮੇਤ ਚੇਨੱਈ ਸੁਪਰ ਕਿੰਗਜ਼ ਦੇ ਕੁਝ ਹੋਰਨਾਂ ਮੈਂਬਰਾਂ ਦੇ ਕੋਵਿਡ-19 ਲਈ ਪਾਜ਼ੀਟਿਵ ਨਿਕਲਣ ਮਗਰੋਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਆਈ.ਪੀ.ਐੱਲ. ਫਰੈਂਚਾਇਜ਼ੀ ਨੂੰ ਦੁਬਈ ‘ਚ ਆਪਣੇ ਇਕਾਂਤਵਾਸ ਦੀ ਮਿਆਦ ਅੱਗੇ ਵਧਾਉਣੀ ਹੋਵੇਗੀ। ਫਰੈਂਚਾਇਜ਼ੀ ਨੇ ਭਾਵੇਂ ਅਜੇ ਤੱਕ ਅਧਿਕਾਰਤ ਤੌਰ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ, ਪਰ 19 ਸਤੰਬਰ ਤੋਂ ਸ਼ੁਰੂ ਹੋ ਰਹੀ ਆਈ.ਪੀ.ਐੱਲ. ਤੋਂ ਪਹਿਲਾਂ ਟੀਮ ਲਈ ਝਟਕਾ ਹੈ।
ਆਈ.ਪੀ.ਐੱਲ. ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਲਈ ਹਾਲ ਹੀ ਵਿਚ ਸਫ਼ੇਦ ਗੇਂਦ ਨਾਲ ਖੇਡਣ ਵਾਲੇ ਸੱਜੇ ਹੱਥ ਦੇ ਮੀਡੀਅਮ ਤੇਜ਼ ਗੇਂਦਬਾਜ਼ ਸਮੇਤ ਕੁਝ ਹੋਰ ਸਟਾਫ਼ ਨੂੰ ਕਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਗਿਣਤੀ ਵੱਧ ਤੋਂ ਵੱਧ 12 ਹੋ ਸਕਦੀ ਹੈ। ਇਸ ਨਵੇਂ ਘਟਨਾਕ੍ਰਮ ਮਗਰੋਂ ਚੇਨੱਈ ਸੁਪਰਕਿੰਗਜ਼ ਨੂੰ ਆਪਣਾ ਇਕਾਂਤਵਾਸ 1 ਸਤੰਬਰ ਤੱਕ ਵਧਾਉਣਾ ਪੈ ਸਕਦਾ ਹੈ। ਚੇਤੇ ਰਹੇ ਕਿ ਕਰੋਨਾ ਮਹਾਮਾਰੀ ਦੇ ਵੱਧਦੇ ਕੇਸਾਂ ਕਰਕੇ ਹੀ ਆਈ.ਪੀ.ਐੱਲ. ਨੂੰ ਇਸ ਸਾਲ ਦੁਬਈ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਸੀ।


Share