ਆਈ. ਪੀ. ਐੱਲ. : ਚੇਨਈ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

533
Share

ਆਬੂ ਧਾਬੀ, 19 ਸਤੰਬਰ (ਪੰਜਾਬ ਮੇਲ)- ਪਿਛਲੇ ਸਾਲ ਵਿਸ਼ਵ ਕੱਪ ਟੀਮ ਵਿਚ ਨਾ ਚੁਣੇ ਜਾਣ ਦੇ ਕਾਰਣ ਚਰਚਾ ਵਿਚ ਰਹੇ ਅੰਬਾਤੀ ਰਾਇਡੂ ਦੀ ਸ਼ਾਨਦਾਰ ਪਾਰੀ ਤੇ ਫਾਫ ਡੂ ਪਲੇਸਿਸ ਦੇ ਨਾਲ ਉਸਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਨੂੰ ਇੱਥੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ 13ਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ। ਰਾਇਡੂ ਨੇ 48 ਗੇਂਦਾਂ ਵਿਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ ਤੇ ਫਾਫ ਡੂ ਪਲੇਸਿਸ (44 ਗੇਂਦਾਂ ‘ਤੇ ਅਜੇਤੂ 58 ਦੌੜਾਂ, 6 ਚੌਕੇ) ਦੇ ਨਾਲ ਤੀਜੀ ਵਿਕਟ ਲਈ 115 ਦੌੜਾਂ ਜੋੜ ਕੇ ਚੇਨਈ ਨੂੰ ਖਰਾਬ ਸ਼ੁਰੂਆਤ ਤੋਂ ਉਭਾਰਿਆ। ਆਖਰੀ ਪਲਾਂ ਵਿਚ ਸੈਮ ਕਿਊਰਨ ਨੇ 2 ਛੱਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ। ਚੇਨਈ ਨੇ 19.2 ਓਵਰਾਂ ਵਿਚ 5 ਵਿਕਟਾਂ ‘ਤੇ 166 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਲੂੰਗੀ ਇਨਗਿਡੀ ਦੀ ਅਗਵਾਈ ਵਿਚ ਡੈੱਥ ਓਵਰਾਂ ਦੀ ਕਸੀ ਹੋਈ ਗੇਂਦਬਾਜ਼ੀ ਤੇ ਫਾਫ ਡੂ ਪਲੇਸਿਸ ਦੀ ਸ਼ਾਨਦਾਰ ਫੀਲਡਿੰਗ ਦੇ ਦਮ ‘ਤੇ ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦੇ ਉਦਘਾਟਨੀ ਮੈਚ ਵਿਚ ਮੁੰਬਈ ਨੂੰ 9 ਵਿਕਟਾਂ ‘ਤੇ 162 ਦੌੜਾਂ ਹੀ ਬਣਾਉਣ ਦਿੱਤੀਆਂ ਸਨ। ਮੁੰਬਈ ਇਕ ਸਮੇਂ 180 ਤੋਂ ਵੱਧ ਦੌੜਾਂ ਬਣਾਉਣ ਦੀ ਸਥਿਤੀ ਵਿਚ ਦਿਸ ਰਹੀ ਸੀ ਪਰ ਉਸ ਨੇ ਆਖਰੀ 6 ਓਵਰਾਂ ਵਿਚ ਸਿਰਫ 41 ਦੌੜਾਂ ਹੀ ਬਣਾਈਆਂ ਤੇ ਇਸ ਵਿਚਾਲੇ 6 ਵਿਕਟਾਂ ਵੀ ਗੁਆਈਆਂ ਤੇ ਇਹ ਹੀ ਉਸਦੀ ਹਾਰ ਦਾ ਕਾਰਣ ਬਣਿਆ। ਉਸ ਵਲੋਂ ਸੌਰਭ ਤਿਵਾੜੀ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਇਸ ਦੇ ਲਈ ਉਸ ਨੇ 31 ਗੇਂਦਾਂ ਖੇਡੀਆਂ ਤੇ 3 ਚੌਕੇ ਤੇ 1 ਛੱਕਾ ਲਾਇਆ। ਚੇਨਈ ਲਈ ਇਨਗਿਡੀ ਨੇ 3 ਜਦਕਿ ਦੀਪਕ ਚਾਹਰ ਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਹਾਸਲ ਕੀਤੀਆਂ।


Share