ਆਈ. ਪੀ.ਐੱਲ. : ਕਿੰਗਜ਼ ਇਲੈਵਨ ਪੰਜਾਬ ਦੀ ਰਾਇਲ ਚੈਲੇਂਜਰਜ਼ ਬੰਗਲੌਰ ਤੇ ਵੱਡੀ ਜਿੱਤ

659

ਦੁਬਈ, 24 ਸਤੰਬਰ (ਪੰਜਾਬ ਮੇਲ)- ਕਪਤਾਨ ਕੇ. ਐੱਲ. ਰਾਹੁਲ ਦੇ ਰਿਕਾਰਡ ਸੈਂਕੜੇ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ‘ਤੇ 97 ਦੌੜਾਂ ਨਾਲ ਵੱਡੀ ਜਿੱਤ ਦਰਜ ਕਰਕੇ ਆਪਣਾ ਖਾਤਾ ਖੋਲ੍ਹਿਆ ਤੇ ਧਮਾਕੇਦਾਰ ਵਾਪਸੀ ਕੀਤੀ। ਰਾਹੁਲ ਨੇ ਵਿਰਾਟ ਕੋਹਲੀ ਤੋਂ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫਾਇਦਾ ਚੁੱਕਿਆ ਤੇ 69 ਗੇਂਦਾਂ ‘ਤੇ ਅਜੇਤੂ 132 ਦੌੜਾਂ ਬਣਾਈਆਂ, ਜਿਹੜਾ ਉਸਦੇ ਕਰੀਅਰ ਦਾ ਸਰਵਉੱਚ ਸਕੋਰ ਵੀ ਹੈ। ਉਸ ਨੇ ਆਪਣੀ ਪਾਰੀ ਵਿਚ 14 ਚੌਕੇ ਤੇ 7 ਛੱਕੇ ਲਾਏ, ਜਿਸ ਨਾਲ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਵਾਲੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ 3 ਵਿਕਟਾਂ ‘ਤੇ 206 ਦੌੜਾਂ ਦਾ ਵੱਡਾ ਸਕੋਰ ਬਣਾਉਣ ਵਿਚ ਸਫਲ ਰਹੀ। ਇਸ ਦੇ ਜਵਾਬ ਵਿਚ ਆਰ. ਸੀ. ਬੀ. ਦਾ ਚੋਟੀਕ੍ਰਮ ਲੜਖੜਾ ਗਿਆ, ਜਿਸ ਤੋਂ ਉਹ ਉੱਭਰ ਨਹੀਂ ਸਕੀ ਤੇ ਉਸਦੀ ਟੀਮ 17 ਓਵਰਾਂ ਵਿਚ ਹੀ 109 ਦੌੜਾਂ ‘ਤੇ ਢੇਰ ਹੋ ਗਈ। ਕੋਚ ਅਨਿਲ ਕੁੰਬਲੇ ਤੋਂ ਗੁਰ ਸਿੱਖ ਰਹੇ ਕਿੰਗਜ਼ ਇਲੈਵਨ ਦੇ ਦੋਵਾਂ ਲੈੱਗ ਸਪਿਨਰਾਂ ਮੁਰੂਗਨ ਅਸ਼ਵਿਨ (21 ਦੌੜਾਂ ‘ਤੇ 3 ਵਿਕਟਾਂ) ਤੇ ਰਵੀ ਬਿਸ਼ਨੋਈ (32 ਦੌੜਾਂ ਦੇ ਕੇ 3 ਵਿਕਟਾਂ) ਨੇ ਪ੍ਰਭਾਵਿਤ ਕੀਤਾ ਜਦਕਿ ਸ਼ੈਲਡਨ ਕੋਟਰੈੱਲ (17 ਦੌੜਾਂ ਦੇ ਕੇ 2 ਵਿਕਟਾਂ) ਨੇ ਚੋਟੀ ਕ੍ਰਮ ਝੰਝੋੜਿਆ। ਕਿੰਗਜ਼ ਇਲੈਵਨ ਪੰਜਾਬ ਦੀ ਇਹ ਟੂਰਨਾਮੈਂਟ ਵਿਚ ਪਹਿਲੀ ਜਿੱਤ ਹੈ। ਉਸ ਨੇ ਪਹਿਲਾ ਮੈਚ ਦਿੱਲੀ ਕੈਪੀਟਲਸ ਤੋਂ ਸੁਪਰ ਓਵਰ ਵਿਚ ਗੁਆਇਆ ਸੀ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਆਰ. ਸੀ. ਬੀ. ਜੇਤੂ ਮੁਹਿੰਮ ਜਾਰੀ ਨਹੀਂ ਰੱਖ ਸਕੀ। ਕਿੰਗਜ਼ ਇਲੈਵਨ ਨੇ ਦੌੜਾਂ ਦੇ ਲਿਹਾਜ ਨਾਲ ਆਈ. ਪੀ. ਐੱਲ. ਵਿਚ ਆਪਣੀ ਦੂਜੀ ਵੱਡੀ ਜਿੱਤ ਵੀ ਹਾਸਲ ਕੀਤੀ। ਰਾਹੁਲ ਆਈ. ਪੀ. ਐੱਲ. ਵਿਚ ਸਭ ਤੋਂ ਵੱਡੀ ਵਿਅਕਤੀਗਤ ਪਾਰੀ ਖੇਡਣ ਵਾਲਾ ਭਾਰਤੀ ਬਣਿਆ। ਇਸ ਤੋਂ ਪਹਿਲਾਂ ਇਹ ਰਿਸ਼ਭ ਪੰਤ (ਅਜੇਤੂ 128) ਦੇ ਨਾਂ ‘ਤੇ ਸੀ। ਰਾਹੁਲ ਜਦੋਂ 83 ਤੇ 89 ਦੌੜਾਂ ‘ਤੇ ਸੀ ਤਦ ਕੋਹਲੀ ਨੇ ਉਸਦੇ ਕੈਚ ਛੱਡੇ, ਜਿਸਦਾ ਫਾਇਦਾ ਚੁੱਕ ਕੇ ਉਸ ਨੇ ਆਖਰੀ ਦੋ ਓਵਰਾਂ ਵਿਚ 49 ਦੌੜਾਂ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ।