ਕਾਬੁਲ, 3 ਅਗਸਤ (ਪੰਜਾਬ ਮੇਲ)- ਪੂਰਬੀ ਨੰਗਰਹਾਰ ਸੂਬੇ ਦੀ ਜੇਲ੍ਹ ‘ਚ ਐਤਵਾਰ ਨੂੰ ਸ਼ੁਰੂ ਹੋਇਆ ਦਹਿਸ਼ਤੀ ਹਮਲਾ ਸੋਮਵਾਰ ਨੂੰ ਵੀ ਜਾਰੀ ਰਿਹਾ ਤੇ ਹੁਣ ਤੱਕ ਇਸ ਹਮਲੇ ਵਿਚ 21 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਜੇਲ੍ਹ ‘ਚ ਇਸ ਦਹਿਸ਼ਤੀ ਸਮੂਹ ਦੇ ਸੈਂਕੜੇ ਮੈਂਬਰ ਬੰਦ ਹਨ। ਹਮਲਾ ਐਤਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ ਤੇ ਹੁਣ ਤੱਕ 43 ਵਿਅਕਤੀ ਜ਼ਖ਼ਮੀ ਹੋਏ ਹਨ। ਸੂਬੇ ਦੇ ਗਵਰਨਰ ਅਤਾਉੱਲ੍ਹਾ ਖੋਗਯਾਨੀ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਤਿੰਨ ਹਮਲਾਵਰਾਂ ਨੂੰ ਮਾਰ ਸੁੱਟਿਆ ਹੈ।
ਸੋਮਵਾਰ ਨੂੰ ਵੀ ਸੰਘਰਸ਼ ਜਾਰੀ ਸੀ ਤੇ ਜੇਲ੍ਹ ਅਹਾਤੇ ਵਿਚ ਰੁੱਕ-ਰੁੱਕ ਕੇ ਗੋਲੀਬਾਰੀ ਹੋ ਰਹੀ ਸੀ। ਖੋਗਯਾਨੀ ਨੇ ਕਿਹਾ ਕਿ ਮਰਨ ਵਾਲਿਆਂ ‘ਚ ਜੇਲ੍ਹ ਦੇ ਕੁਝ ਕੈਦੀਆਂ ਤੋਂ ਇਲਾਵਾ ਆਮ ਨਾਗਰਿਕ, ਜੇਲ੍ਹ ਦੇ ਗਾਰਡ ਤੇ ਅਫ਼ਗ਼ਾਨ ਸੁਰੱਖਿਆ ਕਰਮੀ ਸ਼ਾਮਲ ਹਨ। ਹਮਲੇ ਦੀ ਸ਼ੁਰੂਆਤ ਜੇਲ੍ਹ ਦੇ ਦਾਖ਼ਲਾ ਗੇਟ ‘ਤੇ ਇਕ ਫਿਦਾਈਨ ਵੱਲੋਂ ਕੀਤੇ ਕਾਰ ਬੰਬ ਧਮਾਕੇ ਨਾਲ ਹੋਈ ਸੀ। ਹਮਲਾਵਰਾਂ ਦੀ ਗਿਣਤੀ ਬਾਰੇ ਅਜੇ ਤੱਕ ਕੁੱਝ ਵੀ ਸਪੱਸ਼ਟ ਨਹੀਂ ਹੈ। ਉਂਜ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨਾਲ ਜੁੜੇ ਸਮੂਹ ਨੇ ਲਈ ਹੈ, ਜਿਸ ਨੂੰ ਖੁਰਾਸਾਨ ਸੂਬੇ ‘ਚ ਆਈ.ਐੱਸ. ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਮਲੇ ਕਰਕੇ ਕਈ ਕੈਦੀ ਵੀ ਜੇਲ੍ਹ ‘ਚੋਂ ਫਰਾਰ ਹੋ ਗਏ। ਜੇਲ੍ਹ ‘ਚ 1500 ਦੇ ਕਰੀਬ ਕੈਦੀ ਹਨ।