ਆਈ.ਐੱਮ.ਐੱਫ਼. ਵੱਲੋਂ ਭਾਰਤ ਦੇ ਨਵਿਆਉਣਯੋਗ ਊਰਜਾ ਸਬੰਧੀ ਐਲਾਨ ਦਾ ਸਵਾਗਤ

299
Share

ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਕੌਮਾਂਤਰੀ ਮੁਦਰਾ ਕੋਸ਼ ਨੇ ਸੀ.ਓ.ਪੀ.26 ਸਿਖਰ ਸੰਮੇਲਨ ’ਚ ਨਵਿਆਉਣਯੋਗ ਊਰਜਾ ’ਤੇ ਨਿਰਭਰਤਾ ਵਧਾਉਣ, ਆਪਣੇ ਅਰਥਚਾਰੇ ਦੀ ਕਾਰਬਨ ਨਿਕਾਸੀ ਘਟਾਉਣ ਅਤੇ ਜਲਵਾਯੂ ਤਬਦੀਲੀ ਨਾਲ ਸਬੰਧਤ ਚੁਣੌਤੀਆਂ ਦਾ ਟਾਕਰਾ ਕਰਨ ਲਈ 2070 ਤੱਕ ਮਿੱਥੇ ਟੀਚਿਆਂ ਦੇ ਐਲਾਨ ਦਾ ਸਵਾਗਤ ਕੀਤਾ। ਕੌਮਾਂਤਰੀ ਮੁਦਰਾ ਫੰਡ ਦੇ ਸੰਚਾਰ ਵਿਭਾਗ ਦੇ ਡਾਇਰੈਕਟਰ ਗੈਰੀ ਰਾਈਸ ਨੇ ਦੱਸਿਆ ਕਿ ਭਾਰਤ ਦੇ ਉਪਰਾਲੇ ਹੋਰ ਉੱਭਰਦੇ ਅਰਥਚਾਰਿਆਂ ਦੇ ਨਾਲ-ਨਾਲ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰੇਰਿਤ ਕਰਨ ਵਿਚ ਮਦਦ ਕਰ ਸਕਦੇ ਹਨ। ਰਾਈਸ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ, ‘ਅਸੀਂ ਸੀ.ਓ.ਪੀ.26 ਸੰਮੇਲਨ ਵਿਚ ਭਾਰਤ ਦੇ ਨਵਿਆਉਣਯੋਗ ਊਰਜਾ ’ਤੇ ਨਿਰਭਰਤਾ ਵਧਾਉਣ, ਆਪਣੇ ਅਰਥਚਾਰੇ ਦੀ ਕਾਰਬਨ ਤੀਬਰਤਾ ਘਟਾਉਣ ਦਾ ਟੀਚਾ ਮਿੱਥਣ ਦੇ ਐਲਾਨ ਦਾ ਸਵਾਗਤ ਕਰਦੇ ਹਾਂ।’ ਰਾਈਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਮੌਜੂਦਾ ਸਮੇਂ ਵਿਸ਼ਵ ਦੇ ਸਭ ਤੋਂ ਵੱਡੇ ਅਰਥਚਾਰਿਆਂ ਵਿਚੋਂ ਇਕ ਹੈ, ਫਿਰ ਵੀ ਬਿਜਲੀ ਉਤਪਾਦਨ ਲਈ ਕੋਲੇ ’ਤੇ ਨਿਰਭਰ ਕਰਦਾ ਹੈ। ਭਾਰਤ ਦਾ ਨਵਿਆਉਣਯੋਗ ਊਰਜਾ ਵਿਚ ਨਿਵੇਸ਼ ਅਤੇ ਜਲਵਾਯੂ ਤਬਦੀਲੀ ਦੇ ਟਾਕਰੇ ਲਈ ਨੀਤੀਆਂ, ਨਵੇਂ ਮਿੱਥੇ ਟੀਚੇ ਨੂੰ ਹਾਸਲ ਕਰਨ ਲਈ ਸਹਾਈ ਸਿੱਧ ਹੋਣਗੀਆਂ।

Share