ਅੱਤ ਦੀ ਗਰਮੀ ਨੇ ਕੈਨੇਡਾ ਵਿਚ ਪਿਛਲੇ ਸਾਰੇ ਰਿਕਾਰਡ ਮਾਤ ਪਾਏ

168
Share

-ਪਿੰਡ ਲਿਟਨ ਨੇ ਸਿਰਜਿਆ 46.2 ਡਿਗਰੀ ਤਾਪਮਾਨ ਦਾ ਨਵਾਂ ਰਿਕਾਰਡ
ਸਰੀ, 28 ਜੂਨ (ਹਰਦਮ ਮਾਨ/ਪੰਜਾਬ ਮੇਲ)- ਬੀਸੀ ਵਿਚ ਅੱਜ ਪਈ ਅੱਤ ਦੀ ਗਰਮੀ ਨੇ ਕੈਨੇਡਾ ਵਿਚ ਗਰਮੀ ਪੈਣ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ ਅਤੇ ਪਿੰਡ ਲਿਟਨ ਨੇ ਨਵਾਂ ਕੈਨੇਡੀਅਨ ਹੀਟ ਰਿਕਾਰਡ ਕਾਇਮ ਕਰ ਦਿੱਤਾ ਹੈ। ਕੈਨੇਡਾ ਦੇ ਵਾਤਾਵਰਣ ਵਿਭਾਗ ਅਨੁਸਾਰ ਅੱਜ ਬੀਸੀ ਵਿਚ ਹੋਪ ਸ਼ਹਿਰ ਦੇ ਉੱਤਰ ਵਿਚ 100 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਲਿਟਨ ਵਿਚ ਸ਼ਾਮ ਪੰਜ ਵਜੇ 46.6 ਡਿਗਰੀ ਸੈਂਟੀਗਰੇਡ ਤਾਪਮਾਨ ਰਿਕਾਰਡ ਕੀਤਾ ਗਿਆ ਜਦੋਂ ਕਿ 84 ਸਾਲ ਪਹਿਲਾਂ 5 ਜੁਲਾਈ, 1937 ਨੂੰ ਸਸਕੈਚਵਨ ਦੇ ਮਿਡੈਲ ਅਤੇ ਯੈਲੋਗਰਾਸ ਕਸਬਿਆਂ ਵਿੱਚ ਦਰਜ ਕੀਤਾ ਗਿਆ 45 ਡਿਗਰੀ ਤਾਪਮਾਨ ਕੈਨੇਡਾ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਕਾਰਡ ਸੀ।
ਲਗਾਤਾਰ ਦੋ ਦਿਨ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਬੀਸੀ ਦੇ ਲੋਕ ਤ੍ਰਾਹ ਤ੍ਰਾਹ ਕਰਨ ਲਾ ਦਿੱਤੇ ਹਨ। ਵਾਤਾਵਰਣ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਵਿੱਚੋਂ ਨਾ ਨਿਕਲਣ ਦੀਆਂ ਚਿਤਾਵਨੀਆਂ ਲਗਾਤਾਰ ਦਿਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿਚ ਏਨੀ ਗਰਮੀ ਕੈਨੇਡਾ ਵਿਚ ਕਦੇ ਵੀ ਪਈ ਨਹੀਂ ਦੇਖੀ। ਵਾਤਾਵਰਣ ਅਤੇ ਜਲਵਾਯੂ ਤਬਦੀਲੀ ਕੈਨੇਡਾ ਦੇ ਸੀਨੀਅਰ ਮੌਸਮ ਵਿਗਿਆਨੀ ਡੇਵ ਫਿਲਿਪਸ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਤਾਪਮਾਨ 47 ਸੈਂਟੀਗਰੇਡ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਗਰਮੀ ਦੀ ਇਸ ਲਹਿਰ ਕਾਰਨ ਵੈਨਕੂਵਰ, ਡੈਲਟਾ, ਪੋਰਟ ਕੋਕਿਟਲਮ, ਕੋਕੁਇਟਲਾਮ, ਪੋਰਟ ਮੂਡੀ, ਲੈਂਗਲੀ, ਮਿਸ਼ਨ ਅਤੇ ਐਬਟਸਫੋਰਡ ਵਿੱਚ ਪਬਲਿਕ ਸਕੂਲ ਸੋਮਵਾਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਸਰੀ ਵਿਚ ਸਕੂਲੀ ਵਿਦਿਆਰਥੀ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਤੇ ਹਨ।
ਗਰਮੀ ਦਾ ਕਹਿਰ ਨਾ ਝੱਲ ਸਕਣ ਵਾਲੇ ਸੋਹਲ ਜਿਸਮਾਂ ਦੇ ਮਾਲਕ ਬੀਸੀ ਵਾਸੀ ਸਟੋਰਾਂ ਤੋਂ ਪੱਖੇ, ਕੂਲਰ, ਏਸੀ ਧੜਾਧੜ ਚੁੱਕ ਰਹੇ ਹਨ। ਸਰੀ ਵਿਚ ਰੀਅਲ ਇਸਟੇਟ ਦਾ ਕਾਰੋਬਾਰ ਕਰਦੇ ਰਣਧੀਰ ਢਿੱਲੋਂ ਦਾ ਕਹਿਣਾ ਸੀ ਕਿ ਪਿਛਲੇ ਦੋ ਤਿੰਨ ਦਿਨਾਂ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਘਰਾਂ ਵਿਚ ਏਸੀ, ਕੂਲਰ ਫਿੱਟ ਕਰਵਾ ਲਏ ਹਨ। ਉਸ ਅਨੁਸਾਰ ਏਨੀ ਗਰਮੀ ਏਥੇ ਕਦੇ ਵੀ ਨਹੀਂ ਪਈ।
ਗਰਮੀ ਕਾਰਨ ਬਿ੍ਰਟਿਸ਼ ਕੋਲੰਬੀਆ ਦੀ ਹਾਈਡਰੋ ਐਂਡ ਪਾਵਰ ਅਥਾਰਟੀ ਉਪਰ ਵੀ ਕਾਫੀ ਦਬਾਅ ਬਣਿਆ ਹੋਇਆ ਹੈ। ਹਾਈਡਰੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਦੀ ਰਾਤ ਨੂੰ ਬਿਜਲੀ ਦੀ ਪ੍ਰਤੀ ਘੰਟਾ ਖਪਤ ਦਾ ਨਵਾਂ ਰਿਕਾਰਡ ਬਣਿਆ ਹੈ। ਬੀ.ਸੀ. ਹਾਈਡਰੋ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਬਿਜਲੀ ਪ੍ਰਤੀ ਘੰਟਾ ਵੱਧ ਖਪਤ ਦਾ ਰਿਕਾਰਡ 7,897 ਮੈਗਾਵਾਟ ਸੀ ਪਰ ਸ਼ਨੀਵਾਰ ਨੂੰ ਪਿਛਲੇ ਰਿਕਾਰਡ ਨਾਲੋਂ ਵੀ ਜ਼ਿਆਦਾ 7,972 ਮੈਗਾਵਾਟ ਸੀ।
ਇਸ ਦੌਰਾਨ ਰਿਚਮੰਡ ਅਤੇ ਨਿਊ ਵੈਸਟਮਿੰਸਟਰ ਵਿਖੇ ਕੁਝ ਘੰਟੇ ਬਿਜਲੀ¿; ਸਪਲਾਈ ਵਿਚ ਪਏ ਵਿਘਨ ਨੇ ਵੀ ਲੋਕਾਂ ਉਪਰ ਗਰਮੀ ਦੀ ਦੂਹਰੀ ਮਾਰ ਪਾਈ। ਰਿਚਮੰਡ ਦੇ ਵਾਸੀ ਦੇਵੀ ਦਿਆਲ ਸਿੰਘ ਸਦਿਓੜਾ ਨੇ ਦੱਸਿਆ ਕਿ ਰਿਚਮੰਡ ਵਿਚ ਕੱਲ੍ਹ ਵੀ ਕਈ ਘੰਟੇ ਬਿਜਲੀ ਬੰਦ ਰਹੀ ਅਤੇ ਅੱਜ ਵੀ। ਉਸ ਦਾ ਕਹਿਣਾ ਸੀ ਅਜਿਹੇ ਵਿਚ ਲੋਕ ਦਰੱਖਤਾਂ ਥੱਲੇ ਬੈਠ ਕੇ ਗਰਮੀ ਦਾ ਟਾਕਰਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਵੈਨਕੂਵਰ ਵਿਖੇ ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਕੁਝ ”ਕੂਲਿੰਗ ਹੋਮ” ਵੀ ਖੋਲ੍ਹੇ ਗਏ ਹਨ ਜਿੱਥੇ ਜਾ ਕੇ ਲੋਕ ਕੁਝ ਠੰਡਕ ਮਹਿਸੂਸ ਕਰ ਸਕਦੇ ਹਨ।

Share