ਅੱਤਵਾਦੀ ਹਮਲੇ ਦੀ ਸਾਜ਼ਿਸ਼ ਤਹਿਤ ਦਿੱਲੀ ‘ਚ ਹਾਈ ਅਲਰਟ

321
Share

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)-ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਬਿਹਾਰ ਤੇ ਜੰਮੂ-ਕਸ਼ਮੀਰ ‘ਚ ਅੱਤਵਾਦੀ ਦਹਿਸ਼ਤ ਫੈਲਾਉਣ ਦੀ ਫਿਰਾਕ ‘ਚ ਹਨ। ਜੈਸ਼-ਏ-ਮੁਹੰਮਦ ਤੇ ਤਾਲਿਬਾਨੀ ਸੰਗਠਨ ਦੇ 25 ਤੋਂ 30 ਅੱਤਵਾਦੀਆਂ ਦੇ ਬਿਹਾਰ ਤੇ ਜੰਮੂ ਕਸ਼ਮੀਰ ਦੀ ਸਰਹੱਦ ਰਾਹੀਂ ਦੇਸ਼ ‘ਚ ਵੜਨ ਦਾ ਖ਼ਦਸ਼ਾ ਇੰਟੈਲੀਜੈਂਸ ਬਿਊਰੋ (ਆਈ.ਬੀ.) ਨੇ ਪ੍ਰਗਟਾਇਆ ਹੈ। ਇਸ ਤੋਂ ਬਾਅਦ ਦਿੱਲੀ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐੱਲ.ਓ.ਸੀ. ਤੇ ਨੇਪਾਲ ਸਰਹੱਦ ‘ਤੇ ਇਹ ਘੁਸਪੈਠ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ।
ਬਿਹਾਰ ਦੀ ਸਥਾਨਕ ਖ਼ੁਫ਼ੀਆ ਇਕਾਈ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਦਿੱਤੀ ਹੈ। ਇਸ ‘ਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਭਾਰਤ ‘ਚ ਅੱਤਵਾਦੀ ਹਮਲਾ ਕਰਵਾਉਣ ਦੀ ਕੋਸ਼ਿਸ ‘ਚ ਹੈ।
ਖ਼ੁਫ਼ੀਆ ਜਾਣਕਾਰੀ ਮੁਤਾਬਕ 20-25 ਅੱਤਵਾਦੀ ਭਾਰਤ-ਨੇਪਾਲ ਸਰਹੱਦ ਰਸਤੇ ਬਿਹਾਰ ‘ਚ, ਜਦਕਿ 5 ਤੋਂ 6 ਅੱਤਵਾਦੀ ਐੱਲ.ਓ.ਸੀ. ਰਸਤੇ ਜੰਮੂ-ਕਸ਼ਮੀਰ ‘ਚ ਵੜ ਸਕਦੇ ਹਨ। ਤਾਲਿਬਾਨ ਤੇ ਜੈਸ਼-ਏ-ਮੁਹੰਮਦ ਨਾਲ ਜੁੜੇ ਇਨ੍ਹਾਂ ਅੱਤਵਾਦੀਆਂ ਨੂੰ ਪਾਕਿਸਤਾਨੀ ਫ਼ੌਜ ਨੇ ਵਿਸ਼ੇਸ਼ ਸਿਖਲਾਈ ਦੇ ਕੇ ਤਿਆਰ ਕੀਤਾ ਹੈ। ਜੰਮੂ-ਕਸ਼ਮੀਰ ਤੋਂ ਵੜਨ ਵਾਲੇ ਅੱਤਵਾਦੀਆਂ ਦੇ ਹੀ ਦਿੱਲੀ ਪਹੁੰਚਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਇਸ ਹਾਲਤ ‘ਚ ਦਿੱਲੀ ਪੁਲਿਸ ਵੱਲੋਂ ਸਾਰੇ ਗੈਸਟ ਹਾਊਸਾਂ, ਹੋਟਲਾਂ ਤੇ ਲੋਕਾਂ ਦੇ ਠਹਿਰਨ ਦੀਆਂ ਥਾਵਾਂ ਦੀ ਜਾਂਚ ਕਰਨ ਦੇ ਨਾਲ ਹੀ ਕਸ਼ਮੀਰ ਦੇ ਨੰਬਰ ਵਾਲੇ ਵਾਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਤੋਂ ਇਲਾਵਾ ਐੱਨ. ਸੀ. ਆਰ. ਦੇ ਸ਼ਹਿਰਾਂ ਦੀ ਪੁਲਿਸ ਨੂੰ ਵੀ ਅਲਰਟ ਕਰਨ ਦੇ ਨਾਲ ਹੀ ਖ਼ੁਫ਼ੀਆ ਏਜੰਸੀਆਂ ਵੀ ਹਾਈ ਅਲਰਟ ‘ਤੇ ਹਨ। ਇਹ ਅੱਤਵਾਦੀ ਦਿੱਲੀ ਦੀਆਂ ਉੱਚੀਆਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ, ਇਸ ਹਾਲਤ ‘ਚ ਇਸ ਨਜ਼ਰੀਏ ਤੋਂ ਵੀ ਵਾਧੂ ਸੁਰੱਖਿਆ ਵਰਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੁਝ ਦਿਨ ਪਹਿਲਾਂ ਹੀ ਤਿੰਨ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਪੂਰੀ ਦਿੱਲੀ ‘ਚ ਚੱਪੇ-ਚੱਪੇ ‘ਤੇ ਪੁਲਿਸ ਤੇ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਡੀ.ਜੀ. ਬਿਹਾਰ ਜ਼ਰੀਏ ਸਾਰੇ ਜ਼ਿਲ੍ਹਿਆਂ ਨੂੰ ਅਲਰਟ ਕਰ ਦੇਣ ਤੇ ਸੁਰੱਖਿਆ ਚਾਕ-ਚੌਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।


Share