ਅੰਮ੍ਰਿਤਸਰ ਹਵਾਈ ਅੱਡੇ ਤੋਂ 150 ਤੋਂ ਵੱਧ ਪੰਜਾਬੀ ਕੈਨੇਡਾ ਰਵਾਨਾ

941
Share

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਮੇਲ)- ਕੋਰੋਨਾ ਦੇ ਖ਼ਤਰੇ ਦੇ ਵਿਚਕਾਰ 150 ਤੋਂ ਵੱਧ ਪੰਜਾਬੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾ ਹੋ ਗਏ। ਇਹ ਸਾਰੇ ਕੈਨੇਡੀਅਨ ਨਾਗਰਿਕ ਦੱਸੇ ਜਾਂਦੇ ਹਨ। ਇਹ ਸਾਰੇ ਪਹਿਲਾਂ ਨਵੀਂ ਦਿੱਲੀ ਪੁੱਜੇ ਤੇ ਉੱਥੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਕੈਨੇਡਾ ਲਈ ਰਵਾਨਾ ਹੋ ਗਏ। ਦਰਅਸਲ, ਹੋਰਨਾਂ ਮੁਲਕਾਂ ਦੀਆਂ ਸਰਕਾਰਾਂ ਭਾਰਤ, ਖਾਸ ਕਰ ਪੰਜਾਬ ਤੋਂ ਆਪੋ–ਆਪਣੇ ਨਾਗਰਿਕ ਵਾਪਸ ਲਿਜਾਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰ ਰਹੀਆਂ ਹਨ। ਇਸ ਵੇਲੇ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ‘ਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਵਾਲੀ ਸਥਿਤੀ ਚੱਲ ਰਹੀ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪਣੇ ਘਰਾਂ ‘ਚ ਕੈਦ ਹੈ। ਇਸ ਤੋਂ ਪਹਿਲਾਂ ਬੀਤੀ 7 ਅਪ੍ਰੈਲ ਨੂੰ ਲੌਕਡਾਊਨ ਕਾਰਨ ਪੰਜਾਬ ‘ਚ ਫਸੇ 300 ਐੱਨਆਰਆਈਜ਼ ਵਿਸ਼ੇਸ਼ ਉਡਾਣਾਂ ਰਾਹੀਂ ਕੈਨੈਡਾ ਤੇ ਅਮਰੀਕਾ ਵਾਪਸ ਗਏ ਸਨ। ਉਹ ਵੀ ਏਅਰ ਇੰਡੀਆ ਦੇ ਚਾਰਟਰਡ ਹਵਾਈ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਨਵੀਂ ਦਿੱਲੀ ਰਵਾਨਾ ਹੋਏ ਸਨ, ਜਿੱਥੋਂ ਉਹ ਅੱਗੇ ਕੈਨੇਡਾ ਤੇ ਅਮਰੀਕਾ ਚਲੇ ਗਏ ਸਨ। ਕੈਨੇਡਾ, ਅਮਰੀਕਾ ਤੇ ਇੰਗਲੈਂਡ ਨੇ ਆਪੋ–ਆਪਣੇ ਨਾਗਰਿਕਾਂ ਦੀ ਮੰਗ ‘ਤੇ ਵਿਸ਼ੇਸ਼ ਉਡਾਣਾਂ ਦੇ ਪ੍ਰਬੰਧ ਕੀਤੇ ਹੋਏ ਹਨ। ਹਰ ਦੇਸ਼ ‘ਚ ਮੌਜੂਦ ਸਫ਼ਾਰਤਖਾਨੇ ਅਜਿਹੀਆਂ ਉਡਾਣਾਂ ਦੇ ਇੰਤਜ਼ਾਮ ਕਰਵਾ ਰਹੇ ਹਨ। ਪਿਛਲੀ ਵਾਰ 96 ਵਿਅਕਤੀ ਅਮਰੀਕਾ ਲਈ ਰਵਾਨਾ ਹੋਏ ਤੇ 204 ਕੈਨੇਡਾ ਗਏ ਹਨ। ਸੈਂਕੜੇ ਭੂਟਾਨੀ ਵਿਦਿਆਰਥੀ ਵੀ ਬੀਤੇ ਦਿਨੀਂ ਫ਼ਗਵਾੜਾ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਤੋਂ ਰਵਾਨਾ ਹੋਏ ਸਨ। ਪਿਛਲੀ ਵਾਰ ਅਮਰੀਕਾ ਦਾ ਹਵਾਈ ਜਹਾਜ਼ ਉਨ•ਾਂ ਨੂੰ ਸਾਨ ਫ਼ਰਾਂਸਿਸਕੋ (ਕੈਲੀਫ਼ੋਰਨੀਆ) ਅਤੇ ਕੈਨੇਡਾ ਦਾ ਹਵਾਈ ਜਹਾਜ਼ ਟੋਰਾਂਟੋ ਦੇ ਹਵਾਈ ਅੱਡੇ ‘ਤੇ ਲੈ ਕੇ ਗਿਆ ਸੀ। ਇਨ•ਾਂ ਸਾਰੇ ਯਾਤਰੀਆਂ ਨੇ 14–14 ਦਿਨਾਂ ਦਾ ਕੁਆਰੰਟੀਨ ਸਮਾਂ ਮੁਕੰਮਲ ਕੀਤਾ ਹੋਇਆ ਹੈ, ਪਰ ਫਿਰ ਵੀ ਯਾਤਰੀ ਟਰਮੀਨਲ ਦੇ ਅੰਦਰ ਮੈਡੀਕਲ ਟੀਮਾਂ ਵੱਲੋਂ ਉਨ•ਾਂ ਦਾ ਮੁੜ ਮੈਡੀਕਲ ਨਿਰੀਖਣ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇੰਗਲੈਂਡ ਦੀ ਸਰਕਾਰ ਨੇ ਵੀ 4,000 ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਤੋਂ ਵਾਪਸ ਲਿਜਾਣ ਲਈ ਖਾਸ ਪ੍ਰਬੰਧ ਕੀਤੇ ਹਨ।

Share