ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਅਤੇ ਹੋਰਨਾਂ ਪੇਸ਼ ਮੰਗਾਂ ਦੀ ਪੂਰਤੀ ਲਈ ਸ. ਸਿਰਸਾ ਨੇ ਦਿੱਤਾ ਭਰੋਸਾ

27
(ਖੱਬੇ ਤੋਂ ਸੱਜੇ) ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ, ਸ. ਮਨਜੀਤ ਸਿੰਘ ਭੋਮਾ, ਸ. ਮਨਜਿੰਦਰ ਸਿੰਘ ਸਿਰਸਾ, ਸਰਪ੍ਰਸਤ ਪ੍ਰਿ. ਕੁਲਵੰਤ ਸਿੰਘ ਅਣਖੀ ਅਤੇ ਸ. ਮਨਮੋਹਨ ਸਿੰਘ ਬਰਾੜ।

ਵਾਸ਼ਿੰਗਟਨ, 25 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)-ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਸ. ਮਨਮੋਹਣ ਸਿੰਘ ਬਰਾੜ ਨੇ ਕੌਮੀ ਭਾਜਪਾ ਨੇਤਾ ਸ. ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਮਦਦਗਾਰ ਹੋਣ ਸਬੰਧੀ ਮੰਗ-ਪੱਤਰ ਸੌਂਪਿਆ। ਸ. ਸਿਰਸਾ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਲੱਖਾਂ ਦੀ ਗਿਣਤੀ ਵਿਚ ਪੰਜਾਬੀ ਕੈਨੇਡਾ ਵਿਚ ਵਸਦੇ ਹਨ, ਜੋ ਅਕਸਰ ਹੀ ਪੰਜਾਬ, ਆਪਣੀਆਂ ਜਾਇਦਾਦਾਂ ਦੀ ਦੇਖਭਾਲ ਕਰਨ, ਆਪਣੇ ਭਾਈਚਾਰੇ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣ ਅਤੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਨਰੋਏ ਭਾਈਚਾਰਕ ਸੱਭਿਆਚਾਰ ਨਾਲ ਜਾਣੂੰ ਕਰਾਉਣ ਲਈ ਆਉਂਦੇ ਹਨ। ਪਰ ਤ੍ਰਾਸਦੀ ਇਹ ਹੈ ਕਿ ਸਾਰੀਆਂ ਸਹੂਲਤਾਂ ਨਾਲ ਓਤਪੋਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੈਨੇਡਾ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਸਹੂਲਤ ਨਹੀਂ ਹੈ। ਸੋ ਪੰਜਾਬੀ ਪਰਦੇਸੀਆਂ ਦੀ ਸਹੂਲਤ ਦੀ ਪੂਰਤੀ ਲਈ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਯਤਨਸ਼ੀਲ ਹੋਣ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਅੱਵਲ ਅਤੇ ਸਿਰਮੌਰ ਰੁਤਬਾ ਹਾਸਲ ਹੈ, ਪ੍ਰੰਤੂ ਯੂਨੀਵਰਸਿਟੀ ਸਿੰਥੈਟਿਕ ਅਥਲੈਟਿਕਸ ਟਰੈਕ ਤੋਂ ਵਿਰਵੀ ਹੈ। ਯੂਨੀਵਰਸਿਟੀ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੀ ਵਿੱਤੀ ਸਹਾਇਤਾ ਦੇਣ ਲਈ ਉਹ ਸਹਾਈ ਹੋਣ। ਸ. ਸਿਰਸਾ ਨੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਭਰੋਸਾ ਦਿੱਤਾ। ਸਿਰਸਾ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਅੰਮ੍ਰਿਤਸਰ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਅਤੇ ਹਾਈਕੋਰਟ ਦੇ ਬੈਂਚ ਦੀ ਸਥਾਪਨਾ ਮਹੱਤਵਪੂਰਨ ਜ਼ਰੂਰਤਾਂ ਹਨ। ਵਿਚਾਰ-ਵਟਾਂਦਰੇ ਦੌਰਾਨ ਉਘੇ ਸਿੱਖ ਭਾਜਪਾ ਨੇਤਾ ਸ. ਮਨਜੀਤ ਸਿੰਘ ਭੋਮਾ ਵੀ ਹਾਜ਼ਰ ਸਨ।