ਅੰਮ੍ਰਿਤਸਰ ਦੀ ਪਟਾਕਾ ਫੈਕਟਰੀ ‘ਚ ਅੱਗ ਲੱਗਣ ਨਾਲ ਧਮਾਕਾ

519
Share

ਅੰਮ੍ਰਿਤਸਰ, 8 ਅਗਸਤ (ਪੰਜਾਬ ਮੇਲ)- ਇੱਬਣ ਕਲਾਂ ਪਿੰਡ ਵਿਚ ਪਟਾਕਾ ਫੈਕਟਰੀ ਵਿਚ ਅਚਨਚੇਤੀ ਅੱਗ ਲੱਗ ਗਈ। ਅੱਗ ਲੱਗਣ ਨਾਲ ਹੋਏ ਧਮਾਕੇ ਕਾਰਨ ਫੈਕਟਰੀ ਵਿਚ ਬਣੇ ਸ਼ੈਡ ਦੀ ਛੱਤ ਡਿੱਗ ਗਈ। ਅੱਗ ਲੱਗਣ ਅਤੇ ਧਮਾਕੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਵਾਹਨ ਮੌਕੇ ‘ਤੇ ਭੇਜੇ, ਜਿਨ੍ਹਾਂ ਨੇ ਜੱਦੋ ਜਹਿਦ ਮਗਰੋਂ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਇਥੇ ਪਈ ਵਿਸਫੋਟਕ ਸਮੱਗਰੀ ਅਤੇ ਪਟਾਕਿਆਂ ਆਦਿ ਨੂੰ ਅੱਗ ਲੱਗ ਗਈ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੇ ਕਾਰਨ ਸ਼ੈਡ ਦੀ ਛੱਤ ਅਤੇ ਫੈਕਟਰੀ ਦੀ ਇਕ ਕੰਧ ਵੀ ਟੁੱਟ ਗਈ।
ਇਸ ਸਬੰਧੀ ਗੱਲ ਕਰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਨੇ ਨਾ ਸਿਰਫ ਅੱਗ ‘ਤੇ ਕਾਬੂ ਪਾਇਆ ਹੈ, ਸਗੋਂ ਅੱਗ ਨੂੰ ਅਗਾਂਹ ਵਧਣ ਤੋਂ ਰੋਕਿਆ ਹੈ, ਜਿਸ ਨਾਲ ਫੈਕਟਰੀ ਵਿਚ ਤਿਆਰ ਪਿਆ ਮਾਲ ਬਚ ਗਿਆ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ‘ਚ ਕੰਮ ਕਰ ਰਹੇ ਕਾਮਿਆਂ ਨੇ ਖੁਲਾਸਾ ਕੀਤਾ ਕਿ ਉਹ ਪਾਣੀ ਵਾਲੀ ਮੋਟਰ ਚਲਾਉਣ ਲੱਗੇ ਸਨ, ਜਿਸ ਤੋਂ ਹੋਏ ਸਪਾਰਕ ਨਾਲ ਸ਼ਾਰਟ ਸਰਕਟ ਰਾਹੀਂ ਅਗ ਲਗ ਗਈ। ਪੁਲਿਸ ਇੰਸਪੈਕਟਰ ਕਸ਼ਮੀਰ ਸਿੰਘ ਨੇ ਦਸਿਆ ਕਿ ਫੈਕਟਰੀ ਮਾਲਕ ਨੂੰ ਸੱਦ ਕੇ ਪੁੱਛਗਿਛ ਕੀਤੀ ਜਾਵੇਗੀ। ਪੁਲਿਸ ਇਹ ਵੀ ਪਤਾ ਲਾਵੇਗੀ ਕਿ ਫੈਕਟਰੀ ਮਾਲਕ ਨੇ ਪਟਾਕੇ ਬਣਾਉਣ ਦਾ ਲਾਇਸੈਂਸ ਲਿਆ ਹੋਇਆ ਸੀ ਜਾਂ ਨਹੀਂ ।


Share