ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਮੇਲ)- ਅੰਮ੍ਰਿਤਸਰ ‘ਚ 4 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ, ਜੋ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿੱਚ ਆਏ ਸਨ ਇਨ੍ਹਾਂ ਲੋਕਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ। ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਭਾਈ ਦਰਸ਼ਨ ਸਿੰਘ ਅਤੇ ਭਾਈ ਖਾਲਸਾ ਦੇ ਪਰਿਵਾਰ ਵਿਚੋਂ 5 ਮੈਂਬਰਾਂ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਇਨ੍ਹਾਂ ਦਾ ਇਲਾਜ ਗੁਰੂ ਨਾਨਕ ਹਸਪਤਾਲ ਵਿਚ ਕੀਤਾ ਜਾ ਰਿਹਾ ਸੀ। ਫਿਰ ਉਕਤ ਪਰਿਵਾਰਕ ਮੈਂਬਰਾਂ ਦੀ ਮੰਗ ਉਤੇ ਉਨਾਂ ਨੂੰ ਫੋਰਟਿਸ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ, ਜਿੱਥੋਂ ਅੱਜ ਭਾਈ ਦਰਸ਼ਨ ਸਿੰਘ ਨੂੰ ਛੱਡ ਕੇ ਬਾਕੀ ਚਾਰ ਮੈਂਬਰਾਂ ਗੁਰਮੀਤ ਕੌਰ (65), ਸੁਖਬੀਰ ਕੌਰ (52), ਪਲਵਿੰਦਰ ਸਿੰਘ (29) ਅਤੇ ਤਨਵੀਰ ਸਿੰਘ (9) ਸਾਲ ਉਮਰ ਨੂੰ ਅੱਜ ਦੋ ਟੈਸਟ ਨੈਗਟਿਵ ਆਉਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸ਼ੁਭ ਇਛਾਵਾਂ ਦੇਣ ਲਈ ਉਚੇਚੇ ਤੌਰ ਉਤੇ ਹਸਪਤਾਲ ਪੁੱਜੇ ਐਸਡੀਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਨੇ ਸਾਰਿਆਂ ਨੂੰ ਫੁੱਲਾਂ ਦੇ ਗੁਲਦਸਤੇ, ਮਾਸਕ ਅਤੇ ਸੈਨੇਟਾਈਜਰ ਰਸਮੀ ਤੌਰ ਉਤੇ ਜਾਗਰੂਕਤਾ ਫੈਲਾਉਣ ਲਈ ਦਿੱਤੇ। ਉਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਤੁਸੀਂ ਤੰਦਰੁਸਤ ਹੋ ਕੇ ਘਰਾਂ ਨੂੰ ਚੱਲੇ ਹੋ ਅਤੇ ਕੋਵਿਡ 19 ਦੇ ਸਾਰੇ ਮਰੀਜ਼ਾਂ ਲਈ ਆਸ ਦੀ ਕਿਰਨ ਬਣੋਗੇ, ਕਿ ਕੋਰੋਨਾ ਜੇਕਰ ਹੋ ਜਾਵੇ ਤਾਂ ਡਰਨ ਦੀ ਲੋੜ ਨਹੀਂ, ਇਸ ਨੂੰ ਹਰਾਇਆ ਵੀ ਜਾ ਸਕਦਾ ਹੈ।