ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ

821
ਸਮੀਪ ਸਿੰਘ ਗੁਮਟਾਲਾ
Share

ਅੰਮ੍ਰਿਤਸਰ, 30 ਸਤੰਬਰ (ਪੰਜਾਬ ਮੇਲ)- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਮਈ ਮਹੀਨੇ ਵਿਚ ਤਾਲਾਬੰਦੀ ਤੋਂ ਬਾਦ ਮੁੜ ਤੋਂ ਸ਼ੁਰੂ ਹੋਈਆਂ ਉਡਾਣਾਂ ਤੇ ਯਾਤਰੀਆਂ ਦੀ ਗਿਣਤੀ ਵਿਚ ਹਰ ਮਹੀਨੇ ਲਗਾਤਾਰ ਵਾਧਾ ਹੋ ਰਿਹਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਟਵੀਟ ਕਰਕੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਜੁਲਾਈ ਦੇ ਮੁਕਾਬਲੇ ਅਗਸਤ ਮਹੀਨੇ ਵਿਚ ਯਾਤਰੀਆਂ ਦੀ ਗਿਣਤੀ ਵਿਚ 29 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।
ਇਸ ਸੰਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਕੜਿਆਂ ਦੇ ਅਨੁਸਾਰ, ਘਰੇਲੂ ਯਾਤਰੀਆਂ ਦੀ ਗਿਣਤੀ ਵਿਚ 41.3 ਪ੍ਰਤੀਸ਼ਤ ਦਾ ਵਾਧਾ ਹੋਇਆ। ਸਰਕਾਰ ਵੱਲੋਂ ਉਡਾਣਾਂ ਦੇ ਨਿਯਮਾਂ ‘ਚ ਤਬਦੀਲੀ ਨਾਲ, ਘਰੇਲੂ ਯਾਤਰੀਆਂ ਦੀ ਗਿਣਤੀ ਜੁਲਾਈ ‘ਚ 22,389 ਤੋਂ ਵਧ ਕੇ ਅਗਸਤ ਮਹੀਨੇ ਵਿਚ 31,652 ਹੋ ਗਈ। ਘਰੇਲੂ ਉਡਾਣਾਂ ਲਈ ਹਵਾਈ ਅੱਡੇ ਤੋਂ ਜਹਾਜਾਂ ਦੇ ਆਉਣ ਤੇ ਜਾਣ ਦੀ ਗਿਣਤੀ ਵੀ ਜੁਲਾਈ ‘ਚ 266 ਤੋਂ ਵਧ ਕੇ ਅਗਸਤ ‘ਚ 376 ਹੋ ਗਈ। ਅੰਤਰਰਾਸ਼ਟਰੀ ਉਡਾਣਾਂ ਲਈ ਜਹਾਜ਼ਾਂ ਦੀ ਕੁੱਲ ਸੰਖਿਆ ਵੀ ਜੁਲਾਈ ‘ਚ 58 ਤੋਂ ਵਧ ਕੇ ਅਗਸਤ ਵਿਚ 83 ਹੋ ਗਈ ਪਰ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ 9837 ਤੋਂ ਅਗਸਤ ‘ਚ 9956 ਯਾਤਰੀਆਂ ਦਾ ਮਾਮੂਲੀ ਵਾਧਾ ਹੋਇਆ।
ਯਾਤਰੀਆਂ ਅਤੇ ਉਡਾਨਾਂ ਦੀ ਗਿਣਤੀ ਵਿਚ ਵਾਧੇ ਬਾਰੇ ਗੁਮਟਾਲਾ ਨੇ ਕਿਹਾ ਕਿ ਮਹਾਂਮਾਰੀ ਦੇ ਦੌਰਾਨ, ਅਜੇ ਵੀ ਹਵਾਈ ਅੱਡੇ ਤੋਂ ਕੈਨੇਡਾ ਅਤੇ ਹੋਰਨਾਂ ਮੁਲਕਾਂ ਲਈ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੇ ਜਾਣ ਦੀ ਸਮਰੱਥਾ ਹੈ। ਆਉਣ ਵਾਲੇ ਮਹੀਨਿਆਂ ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਧੇਗੀ ਕਿਉਂਕਿ ਏਅਰ ਇੰਡੀਆ ਨੇ 24 ਅਕਤੂਬਰ ਤੱਕ ਹਫਤੇ ਵਿਚ ਇਕ ਦਿਨ ਲੰਡਨ ਹੀਥਰੋ ਅਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ। ਇਸ ਤੋਂ ਇਲਾਵਾ ਇੰਡੀਗੋ, ਸਪਾਈਸ ਜੈੱਟ ਅਤੇ ਏਅਰ ਇੰਡੀਆ ਐਕਸਪੈਸ ਵਲੋਂ ਯੂ.ਏ.ਈ. ਦੇ ਸ਼ਾਰਜਾਹ, ਦੁਬਈ ਅਤੇ ਆਬੂਦਾਬੀ ਹਵਾਈ ਅੱਡਿਆਂ ਲਈ ਉਡਾਣਾਂ ਚਲਾਈਆਂ ਜਾ ਰਹੀਆਂ ਹਨ।
ਗੁਮਟਾਲਾ ਨੇ ਕਿਹਾ ਕਿ 25 ਅਗਸਤ ਨੂੰ ਤਕਰੀਬਨ 10 ਸਾਲਾਂ ਬਾਅਦ, ਭਾਰਤ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੇ ਆਪਣੀ ਪਹਿਲੀ ਸਿੱਧੀ ਉਡਾਣ ਲੰਡਨ ਹੀਥਰੋ ਅਤੇ ਅੰਮ੍ਰਿਤਸਰ ਦਰਮਿਆਨ ਚਲਾਈ। ਅਸੀਂ ਏਅਰ ਇੰਡੀਆ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਧੰਨਵਾਦ ਕਰਦੇ ਹਾਂ ਕਿ 24 ਅਕਤੂਬਰ ਤੱਕ ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਵਲੋਂ ਲੰਡਨ ਅਤੇ ਬਰਮਿੰਘਮ ਲਈ ਇਹ ਉਡਾਣਾਂ ਚੱਲ ਰਹੀਆਂ ਹਨ। ਪੰਜਾਬੀਆਂ ਦੀ ਮੰਗ ਹੈ ਕਿ ਹੀਥਰੋ ਲਈ ਭਵਿੱਖ ਵਿਚ ਵੀ ਹੁਣ ਪੱਕੀਆਂ ਸਿੱਧੀਆਂ ਉਡਾਣਾਂ ਜਾਰੀ ਰੱਖੀਆਂ ਜਾਣ।
ਗੁਮਟਾਲਾ ਨੇ ਕਿਹਾ ਕਿ ਕੈਨੇਡਾ ਆਉਣ-ਜਾਣ ਵਾਲੇ ਪੰਜਾਬੀਆਂ ਨੂੰ ਨਿਰਾਸ਼ਾ ਵੀ ਹੋਈ ਹੈ ਕਿ ਅਪ੍ਰੈਲ-ਮਈ ਮਹੀਨੇ ਵਿਚ ਮੁਕੰਮਲ ਤਾਲਾਬੰਦੀ ਦੌਰਾਨ ਕੈਨੇਡਾ ਦੇ ਭਾਰਤ ‘ਚ ਸਥਿਤ ਵਿਦੇਸ਼ ਦਫਤਰ ਵਲੋਂ ਕਤਰ ਏਅਰਵੇਜ਼ ਦੇ ਸਹਿਯੋਗ ਨਾਲ ਭਾਰਤ ਵਿਚੋਂ ਸਭ ਤੋਂ ਵੱਧ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਲਈ ਕੁੱਲ 25 ਉਡਾਨਾਂ ਦਾ ਅੰਮ੍ਰਿਤਸਰ ਤੋਂ ਸੰਚਾਲਨ ਕਰਨ ਦੇ ਬਾਵਜੂਦ, ਏਅਰ ਇੰਡੀਆ ਵਲੋਂ ਵੰਦੇ ਭਾਰਤ ਮਿਸ਼ਨ ਤਹਿਤ ਕੈਨੇਡਾ ਲਈ ਅੰਮ੍ਰਿਤਸਰ ਤੋਂ ਕੋਈ ਵੀ ਸਿੱਧੀ ਉਡਾਣ ਦਾ ਸੰਚਾਲਨ ਨਹੀਂ ਕੀਤਾ।
ਇਹ ਉਡਾਣਾਂ ਸਿਰਫ ਦਿੱਲੀ ਤੋਂ ਸਿੱਧੀਆਂ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਹਵਾਈ ਅੱਡੇ ਲਈ ਚਲਾਈਆਂ ਜਾ ਰਹੀਆਂ ਹਨ। ਤਾਲਾਬੰਦੀ ਦੌਰਾਨ ਲਗਭਗ 7516 ਕੈਨੇਡੀਅਨ ਵਾਸੀ ਅੰਮ੍ਰਿਤਸਰ ਤੋਂ ਆਪਣੇ ਮੁਲਕ ਵਾਪਸ ਪਰਤੇ ਸਨ। ਢਿਲੋਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕਰਦੇ ਹਾਂ ਕਿ ਭਵਿੱਖ ਵਿਚ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਵਿਸ਼ੇਸ਼ ਸਿੱਧੀਆਂ ਉਡਾਣਾਂ ਸ਼ਾਮਲ ਕੀਤੀਆਂ ਜਾਣ।
ਇਨ੍ਹਾਂ ਉਡਾਣਾਂ ਦੀ ਮੰਗ ਤੇ ਕਾਮਯਾਬੀ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੁਝ ਨਿੱਜੀ ਚਾਰਟਰ ਵਿਸ਼ੇਸ਼ ਉਡਾਣਾਂ ਜੋ ਕਿ 9 ਅਤੇ 12 ਸਤੰਬਰ ਨੂੰ ਸਪਾਈਸਜੈੱਟ ਦੁਆਰਾ ਟੋਰਾਂਟੋ ਲਈ ਚਲਾਈਆਂ ਗਈਆਂ ਸਨ, ਜਿਸ ਵਿਚ 612 ਯਾਤਰੀਆਂ ਨੇ ਉਡਾਣ ਭਰੀ ਸੀ। ਇਸ ਤੋਂ ਇਲਾਵਾ ਇੰਡੀਗੋ ਨੇ ਮਿਲਾਨ ਅਤੇ ਰੋਮ ਲਈ ਵੀ ਵਿਸ਼ੇਸ਼ ਚਾਰਟਰ ਉਡਾਣਾਂ ਦਾ ਵੀ ਸੰਚਾਲਨ ਕੀਤਾ।


Share