ਅੰਮਿ੍ਰਤਸਰ ਤੋਂ ਕਤਰ ਏਅਰਵੇਜ਼ ਦੀ ਦੋਹਾਅੰਮਿ੍ਰਤਸਰ ਸਿੱਧੀ ਉਡਾਣ ਮੁੜ ਸ਼ੁਰੂ

121
ਸਮੀਪ ਸਿੰਘ ਗੁਮਟਾਲਾ
Share

-ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ
ਅੰਮਿ੍ਰਤਸਰ, 4 ਅਪ੍ਰੈਲ (ਪੰਜਾਬ ਮੇਲ)- ਫਲਾਈ ਅੰਮਿ੍ਰਤਸਰ ਇਨੀਸ਼ੀਏਟਿਵ ਨੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਏਅਰਲਾਈਨਾਂ ਵਿਚੋਂ ਇੱਕ, ਕਤਰ ਏਅਰਵੇਜ਼ ਦੁਆਰਾ ਅੰਮਿ੍ਰਤਸਰ ਅਤੇ ਦੋਹਾ ਵਿਚਕਾਰ ਰੋਜ਼ਾਨਾ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਸਵਾਗਤ ਕੀਤਾ ਹੈ। ਭਾਰਤ ਦੁਆਰਾ 27 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਅਤੇ ਅਸਥਾਈ ਏਅਰ ਬੱਬਲ ਸਮਝੌਤਿਆਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਦ, ਕਤਰ ਨੇ 1 ਅਪ੍ਰੈਲ ਤੋਂ ਆਪਣੀ ਅੰਮਿ੍ਰਤਸਰ ਲਈ ਹਵਾਈ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਕੋਵਿਡ ਦੋਰਾਨ ਕਤਰ ਏਅਰ ਬਬਲ ਸਮਝੌਤਿਆਂ ਦੇ ਤਹਿਤ 3-ਹਫਤਾਵਾਰੀ ਉਡਾਣਾਂ ਦਾ ਸੰਚਾਲਨ ਕਰ ਰਹੀ ਸੀ, ਪਰ ਅਚਾਨਕ ਇਹ ਉਡਾਣਾਂ ਪਿਛਲੇ ਸਾਲ 18 ਦਸੰਬਰ ਤੋਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
ਫਲਾਈ ਅੰਮਿ੍ਰਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮਿ੍ਰਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ‘‘ਕਤਰ ਏਅਰਵੇਜ਼ ਅੰਮਿ੍ਰਤਸਰ ਨੂੰ ਪਿਛਲੇ 12 ਸਾਲਾਂ ਤੋੰ ਦੋਹਾ ਰਾਹੀਂ ਬਹੁਤ ਹੀ ਸੁਵਿਧਾਜਨਕ ਸੰਪਰਕ ਨਾਲ ਦੁਨੀਆਂ ਭਰ ਦੇ 140 ਤੋਂ ਵੀ ਵੱਧ ਸ਼ਹਿਰਾਂ ਨਾਲ ਜੋੜਦੀ ਰਹੀ ਹੈ ਜਿਸ ਵਿਚ ਯੂਰਪ, ਅਮਰੀਕਾ, ਕੈਨੇਡਾ, ਆਸਟਰੇਲੀਆ, ਅਫਰੀਕਾ ਆਦਿ ਮੁਲਕਾਂ ਦੇ ਹਵਾਈ ਅੱਡੇ ਸ਼ਾਮਲ ਹਨ। ਦੁਨੀਆਂ ਭਰ ਵਿਚ ਵਸਦੇ ਪੰਜਾਬੀ ਦਿੱਲੀ ਦੀ ਬਜਾਏ ਦੋਹਾ ਰਾਹੀਂ ਅੰਮਿ੍ਰਤਸਰ ਲਈ ਉਡਾਣਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਦਿੱਲੀ ਦੇ ਰਸਤੇ ਯਾਤਰਾ ਕਰਨ ਵਿਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿਚ ਦਿੱਲੀ ਵਿਖੇ ਇਮੀਗ੍ਰੇਸ਼ਨ, ਲੰਬੇ ਸਮੇਂ ਤੱਕ ਅੰਮਿ੍ਰਤਸਰ ਲਈ ਉਡਾਣ ਦਾ ਇੰਤਜ਼ਾਰ ਕਰਨਾ ਅਤੇ ਸਮਾਨ ਦਾ ਮੁੜ ਜਮਾਂ ਕਰਵਾਉਣਾ ਹੈ।’’
ਗੁਮਟਾਲਾ ਨੇ ਦੱਸਿਆ ਕਿ ਪੰਜਾਬੀ ਇਹ ਉਡਾਣਾਂ ਲੈਣੀਆਂ ਪਸੰਦ ਕਰਦੇ ਹਨ, ਜਿਸ ਕਾਰਣ ਇਨ੍ਹਾਂ ਦੀਆਂ ਟਿਕਟਾਂ ਮਿਲਣੀਆਂ ਕਈ ਵਾਰ ਬਹੁਤ ਹੀ ਮੁਸ਼ਕਲ ਹੁੰਦੀਆਂ ਹਨ। ਕਤਰ ਏਅਰ ਇਨ੍ਹਾਂ ਦੀ ਗਿਣਤੀ ਵੀ ਨਹੀਂ ਵਧਾ ਸਕਦੀ ਕਿਉਂਕਿ ਭਾਰਤ ਵਲੋਂ ਹਵਾਈ ਸਮਝੋਤਿਆਂ ਵਿਚ ਕਤਰ ਨੂੰ ਅੰਮਿ੍ਰਤਸਰ ਆਉਣ-ਜਾਣ ਲਈ ਵੱਧ ਤੋਂ ਵੱਧ 7 ਉਡਾਣਾਂ ਅਤੇ 1239 ਸੀਟਾਂ ਪ੍ਰਤੀ ਹਫਤੇ ਦੀ ਸੀਮਾ ਦਿੱਤੀ ਗਈ ਹੈ। ਇਹ ਬਹੁਤ ਹੀ ਹੈਰਾਨੀਜਨਕ ਹੈ ਕਿ ਦਿੱਲੀ ਜਿੱਥੇ ਹਰ ਹਫਤੇ ਦੁਨੀਆਂ ਦੀਆਂ ਹਜ਼ਾਰਾਂ ਉਡਾਣਾਂ ਆਉਂਦੀਆਂ ਹਨ, ਉੱਥੇ ਕਤਰ ਦੀਆਂ 300 ਤੋਂ ਵੱਧ ਸਵਾਰੀਆਂ ਵਾਲੇ ਵੱਡੇ ਜਹਾਜ਼ ਵਾਲੀਆਂ ਹਫਤੇ ਵਿਚ 14 ਉਡਾਣਾਂ ਇਸ ਸਮੇਂ ਚਲਦੀਆਂ ਹਨ।¿;
ਗੁਮਟਾਲਾ ਨੇ ਭਾਰਤ ਸਰਕਾਰ ਅਤੇ ਹਵਾਬਾਜੀ ਮੰਤਰੀ ਸ਼੍ਰੀ ਜਯੋਤੀਰਾਦਿਤੀਆ ਨੂੰ ਅਪੀਲ ਕੀਤੀ ਕਿ ਜੇਕਰ ਭਾਰਤ ਦੀਆਂ ਏਅਰਲਾਈਨਾਂ ਅੰਮਿ੍ਰਤਸਰ ਤੋਂ ਦੋਹਾ, ਮਸਕਟ, ਬਹਿਰੇਨ, ਇਟਲੀ ਅਤੇ ਹੋਰਨਾਂ ਮੁਲਕਾਂ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਤੋਂ ਅਸਮਰਥ ਹਨ, ਤਾਂ ਵਿਦੇਸ਼ੀ ਹਵਾਈ ਕੰਪਨੀਆਂ ਲਈ ਉਡਾਣਾਂ ਨੂੰ ਸੀਮਤ ਕਰਨ ਜਾਂ ਇਜਾਜ਼ਤ ਨਾ ਦੇਣ ਦੀ ਬਜਾਏ, ਸਰਕਾਰ ਨੂੰ ਉਨ੍ਹਾਂ ਨੂੰ ਅੰਮਿ੍ਰਤਸਰ ਲਈ ਸਿੱਧੀਆਂ ਉਡਾਣਾਂ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਤਾਂ ਜੋ ਯਾਤਰੀ ਦਿੱਲੀ ਤੋਂ ਸਫਰ ਕਰਨ ਦੀ ਅਸੁਵਿਧਾ ਤੋਂ ਬੱਚ ਸਕਣ। ਇਹ ਦਿੱਲੀ ਹਵਾਈ ਅੱਡੇ ਦੀ ਭੀੜ ਨੂੰ ਘੱਟ ਕਰਨ ਵਿਚ ਵੀ ਮਦਦ ਕਰੇਗਾ। ਇਸ ਤੋਂ ਇਲਾਵਾ, ਇਹ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧੀਨ ਚੱਲ ਰਹੇ ਅੰਮਿ੍ਰਤਸਰ ਹਵਾਈ ਅੱਡੇ ਨੂੰ ਵਧੇਰੇ ਆਮਦਨ ਹੋਵੇਗੀ।
ਕਤਰ ਅੰਮਿ੍ਰਤਸਰ ਨੂੰ ਦੋਹਾ ਰਾਹੀਂ ਸਿਰਫ਼ 2-4 ਘੰਟੇ ਦੇ ਥੋੜ੍ਹੇ ਸਮੇਂ ਵਿਚ ਹੀ ਅਮਰੀਕਾ ਅਤੇ ਕੈਨੇਡਾ ਦੇ 14 ਸ਼ਹਿਰਾਂ ਜਿਸ ਵਿਚ ਨਿਊਯਾਰਕ, ਸਾਨ ਫਰਾਂਸਿਸਕੋ, ਸਿਆਟਲ, ਸ਼ਿਕਾਗੋ, ਟੋਰਾਂਟੋ ਅਤੇ ਮਾਂਟਰੀਅਲ ਸ਼ਾਮਲ ਹਨ। ਉਥੋਂ ਯਾਤਰੀ ਕਤਰ ਏਅਰ ਦੀਆਂ ਭਾਈਵਾਲੀ ਵਾਲੀਆਂ ਅਮਰੀਕਨ, ਏਅਰ ਕੈਨੇਡਾ ਅਤੇ ਅਲਾਸਕਾ ਏਅਰਲਾਈਨ ਆਪਣੀਆਂ ਉਡਾਣਾਂ ’ਤੇ ਉੱਤਰੀ ਅਮਰੀਕਾ ਦੇ ਹੋਰਨਾਂ ਸ਼ਹਿਰਾਂ ਨਾਲ ਯਾਤਰੀਆਂ ਨੂੰ ਜੋੜਦੀਆਂ ਹਨ। ਯੂਰਪ ਵਿਚ, ਇਸਦੇ ਕੁਝ ਪ੍ਰਮੁੱਖ ਸਥਾਨਾਂ ਵਿਚ ਪੈਰਿਸ, ਫਰੈਂਕਫਰਟ, ਰੋਮ, ਲੰਡਨ ਅਤੇ ਆਸਟਰੇਲੀਆ ਵਿਚ ਮੈਲਬੌਰਨ, ਸਿਡਨੀ, ਪਰਥ, ਐਡੀਲੇਡ, ਬਿ੍ਰਸਬੇਨ ਸ਼ਾਮਲ ਹਨ।

Share