ਅੰਬਾਲਾ ਤੋਂ ਪੀਜੀਆਈ ‘ਚ ਕਿਡਨੀ ਦਾ ਇਲਾਜ਼ ਕਰਵਾਉਣ ਆਇਆ ਵਿਅਕਤੀ ਕੋਰੋਨਾ ਪਾਜ਼ੇਟਿਵ

740
Share

ਉਸਦਾ ਇਲਾਜ਼ ਕਰ ਰਹੇ ਦੋ ਡਾਕਟਰਾਂ ਸਮੇਤ ਚਾਰ ਕਰਮਚਾਰੀਆਂ ਦੇ ਸੈਂਪਲ ਲਏ ਗਏ

ਚੰਡੀਗੜ, 26 ਅਪ੍ਰੈਲ (ਪੰਜਾਬ ਮੇਲ)-  ਪੀਜੀਆਈ ਵਿਚ ਛੇ ਮਹੀਨਾ ਦੀ ਬੱਚੀ ਦੀ ਮੌਤ ਦੇ ਬਾਅਦ ਹੁਣ ਕਿਡਨੀ ਦਾ ਇਲਾਜ਼ ਕਰਵਾਉਣ ਆਏ ਵਿਅਕਤੀ ਵਿਚ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ। ਇਸ ਵਿਅਕਤੀ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੂਲ ਰੂਪ ਤੋਂ ਅੰਬਾਲਾ ਦਾ ਰਹਿਣ ਵਾਲਾ ਹੈ। ਉਸਨੂੰ ਦੋ ਦਿਨ ਪਹਿਲਾਂ ਅੰਬਾਲਾ ਤੋਂ ਪੀਜੀਆਈ ਵਿਚ ਕਿਡਨੀ ਦੇ ਇਲਾਜ਼ ਲਈ ਦਾਖ਼ਲ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਲੱਛਣ ਵਿਖਾਈ ਦੇਣ ਦੇ ਬਾਅਦ ਸੈਂਪਲ ਲਏ ਗਏ ਸਨ। ਸ਼ਨਿਚਰਵਾਰ ਦੁਪਹਿਰ ਉਸਦੀ ਰਿਪੋਰਟ ਪਾਜੇਟਿਵ ਪਾਈ ਗਈ ਹੈ। ਵਿਅਕਤੀ ਨੂੰ ਪੀਜੀਆਈ ਦੇ ਆਇਸੋਲੇਸ਼ਨ ਵਾਰਡ ਵਿਚ ਦਾਖ਼ਲ ਕਰ ਦਿਤਾ ਗਿਆ ਹੈ। ਇਸਦੇ ਨਾਲ ਹੀ ਉਸਦਾ ਇਲਾਜ਼ ਕਰ ਰਹੇ ਦੋ ਡਾਕਟਰਾਂ ਸਮੇਤ ਚਾਰ ਕਰਮਚਾਰੀਆਂ ਦੇ ਸੈਂਪਲ ਲਏ ਗਏ ਹਨ।

ਇਸਤੋਂ ਪਹਿਲਾਂ ਪੀਜੀਆਈ ਦੇ ਐਡਵਾਂਸ ਪੀਡਿਆਟ੍ਰਿਕ ਸੈਂਟਰ ਦੇ ਬਾਅਦ ਹੁਣ ਕੋਰੋਨਾ ਵਾਇਰਸ ਨੇ ਸਰਕਾਰੀ ਮੈਡੀਕਲ ਕਾਲਜ਼ ਐਂਡ ਹਸਪਤਾਲ ਸੈਕਟਰ – 32 ਦੇ ਜਨਰਲ ਸਰਜਰੀ ਆਪ੍ਰੇਸ਼ਨ ਥਿਏਟਰ ਸੀ ਬਲਾਕ ਲੈਵਲ – 2 ਵਿਚ ਦਸਤਕ ਦਿਤੀ ਹੈ। ਪੀਜੀਆਈ ਦੇ ਬਾਅਦ ਹੁਣ ਜੀਐਮਸੀਐਚ – 32 ਵਿਚ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੈਲਥ ਵਰਕਰਾਂ ਵਿਚ ਕੋਰੋਨਾ ਵਾਇਰਸ  ਦੇ ਸੰਕਰਮਣ ਦਾ ਖ਼ਤਰਾ ਵੱਧ ਗਿਆ ਹੈ। ਜੀਐਮਸੀਐਚ – 32 ਵਿਚ 30 ਸਾਲ ਦੇ ਇਕ ਵਾਰਡ ਸਰਵੈਂਟ ਵਿਚ ਕੋਰੋਨਾ ਵਾਇਰਸ  ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਜੋਕਿ ਹਸਪਤਾਲ ਦੇ ਡਾਕਟਰਾਂ, ਨਰਸਿਗ ਸਟਾਫ ਅਤੇ ਹੈਲਥ ਵਰਕਰਾਂ ਦੇ ਸੰਪਰਕ ਵਿਚ ਕਈ ਦਿਨਾਂ ਤੋਂ ਸੀ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ – 32 ਦਾ ਵਾਰਡ ਸਰਵੈਂਟ ਸੈਕਟਰ – 26 ਬਾਪੂਧਾਮ ਕਲੋਨੀ ਵਿਚ ਰਹਿੰਦਾ ਹੈ। ਸ਼ੁੱਕਰਵਾਰ ਰਾਤੀ 11 ਵਜੇ ਨਗਰ ਨਿਗਮ ਅਤੇ ਹੈਲਥ ਵਿਭਾਗ ਦੀ ਟੀਮ ਇਸ ਵਿਅਤਕੀ ਦੇ ਘਰ ਪਰਵਾਰ ਅਤੇ ਨੇੜੇ-ਤੇੜੇ ਦੇ ਹੋਰ ਲੋਕਾਂ ਨੂੰ ਹੋਮ ਕਵਾਰੰਟਾਇਨ ਕਰਨ ਲਈ ਪਹੁੰਚੀ। ਬਾਪੂਧਾਮ ਕਲੋਨੀ ਦੇ ਮਕਾਨ ਨੰਬਰ – 533 ਵਿਚ ਰਹਿਣ ਵਾਲੇ ਇਸ 30 ਸਾਲ ਦੇ ਨੌਜਵਾਨ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬਾਪੂਧਾਮ ਕਲੋਨੀ ਵਿਚ ਰਹਿ ਰਹੇ ਪਰਵਾਰ ਦੇ 12 ਲੋਕਾਂ ਦੇ ਇਲਾਵਾ ਸੰਪਰਕ ਵਿਚ ਆਏ ਕੁਲ 40 ਲੋਕਾਂ ਨੂੰ ਕਵਾਰੰਟਾਇਨ ਕਰ ਦਿਤਾ ਗਿਆ ਹੈ।


Share