ਅੰਫਾਨ ਤੂਫ਼ਾਨ ਨੇ ਪੱਛਮੀ ਬੰਗਾਲ ‘ਚ ਲਈ 72 ਲੋਕਾਂ ਦੀ ਜਾਨ

844

ਕੋਲਕਾਤਾ/ਭੁਵਨੇਸ਼ਵਰ, 22 ਮਈ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਤੂਫ਼ਾਨ ਅੰਫਾਨ ਕਾਰਨ ਸੂਬੇ ਵਿੱਚ 72 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਦੋ ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਤੂਫ਼ਾਨ ਕਾਰਨ ਸੁੰਦਰਬਨ ਵਿੱਚ ਦਰੱਖਤ ਉੱਖੜਨ ਤੋਂ ਇਲਾਵਾ ਕਮਜ਼ੋਰ ਇਮਾਰਤਾਂ ਡਿੱਗ ਪਈਆਂ। ਚੀਫ਼ ਸਕੱਤਰ ਏ ਕੇ ਤ੍ਰਿਪਾਠੀ ਨੇ ਕਿਹਾ ਕਿ ਤੂਫ਼ਾਨ ਕਾਰਨ ਬਿਜਲੀ ਤੇ ਖੇਤੀਬਾੜੀ ਸੈਕਟਰ ਨੂੁੰ ਨੁਕਸਾਨ ਪੁੱਜਾ ਹੈ। ਸੂਬੇ ’ਚ ਟੈਲੀਕਾਮ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪੁੱਜਾ ਹੈ। ਉੜੀਸਾ ਸਰਕਾਰ ਮੁਤਾਬਕ ਸੂਬੇ ਲਗਪਗ 44.8 ਲੋਕ ਤੂਫ਼ਾਨ ਕਾਰਨ ਪ੍ਰਭਾਵਿਤ ਹੋਏ ਹਨ। ਇੱਥੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ,‘ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਅੰਫਾਨ ਕਾਰਨ 72 ਜਣਿਆਂ ਦੀ ਮੌਤ ਹੋ ਗਈ ਹੈ। ਉੱਤਰੀ ਅਤੇ ਦੱਖਣੀ 24 ਪਰਗਨਾ ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਸਾਨੂੰ ਇਨ੍ਹਾਂ ਜ਼ਿਲ੍ਹਿਆਂ ਨੂੰ ਨਵੇਂ ਸਿਰਿਓਂ ਬਣਾਉਣਾ ਪਵੇਗਾ। ਮੇਰੀ ਕੇਂਦਰ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਉਹ ਸੂਬੇ ਨੂੰ ਹਰ ਕਿਸਮ ਦੀ ਸਹਾਇਤਾ ਦੇਣ।’
ਮੁੱਖ ਮੰਤਰੀ ਨੇ ਜਲਦੀ ਹੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੇ ਜਲਦੀ ਹੀ ਪੁਨਰ-ਨਿਰਮਾਣ ਕਾਰਜ ਮੁੜ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਤੋਂ 2.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਅੰਫਾਨ ਵੱਲੋਂ ਕੋਲਕਾਤਾ ਤੇ ਕਈ ਹੋਰ ਹਿੱਸਿਆਂ ਵਿੱਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ। ਕੋਲਕਾਤਾ ਦੇ ਜ਼ਿਆਦਾਤਰ ਹਿੱਸਿਆਂ ਸਮੇਤ ਕਈ ਜ਼ਿਲ੍ਹਿਆਂ ’ਚ ਦਰੱਖਤ ਉਖੜ ਗਏ, ਬਿਜਲੀ ਠੱਪ ਹੋ ਗਈ ਜਦਕਿ ਟਾਵਰ ਨੁਕਸਾਨੇ ਜਾਣ ਕਾਰਨ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਮੌਸਮ ਵਿਭਾਗ ਮੁਤਾਬਕ ਪਿਛਲੇ ਸੌ ਸਾਲਾਂ ’ਚ ਸੂਬੇ ’ਚ ਆਉਣ ਵਾਲਾ ਇਹ ਤੂਫ਼ਾਨ ਅੰਫਾਨ ਸਭ ਤੋਂ ਵੱਧ ਭਿਆਨਕ ਸੀ। ਸੂਬਾ ਸਕੱਤਰੇਤ ਤੋਂ ਮੰਗਲਵਾਰ ਰਾਤ ਤੋਂ ਹੀ ਸਥਿਤੀ ’ਤੇ ਨਜ਼ਰ ਰੱਖ ਰਹੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅੰਫਾਨ ਦਾ ਪ੍ਰਭਾਵ ਕਰੋਨਾਵਾਇਰਸ ਨਾਲੋਂ ਵੀ ਜ਼ਿਆਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਮਿਦਨਾਪੋਰ, ਹਾਵੜਾ, ਉੱਤਰੀ ਅਤੇ ਦੱਖਣੀ 24 ਪਰਗਨਾ ਤੇ ਕੋਲਕਾਤਾ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਕੋਲਕਾਤਾ ਵਿੱਚ 125 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨੇ ਕਾਰਾਂ ਉਲਟਾ ਦਿੱਤੀਆਂ ਜਦਕਿ ਦਰੱਖਤ ਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਕਈ ਮੁੱਖ ਤੇ ਸੰਪਰਕ ਸੜਕਾਂ ਬੰਦ ਹੋ ਗਈਆਂ। ਕੋਲਕਾਤਾ ਸੈਂਟਰਲ ਐਵੇਨਿਊ ਵਿੱਚ ਸਥਿਤ ਕੰਕਰੀਟ ਦਾ ਇੱਕ ਛੋਟਾ ਮੰਦਿਰ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਐੱਨਡੀਆਰਐੱਫ ਤੇ ਸੂਬਾਈ ਆਫ਼ਤ ਰਾਹਤ ਪ੍ਰਬੰਧਨ ਬਲ (ਐੱਸਡੀਆਰਐੱਫ) ਦੀਆਂ ਟੀਮਾਂ ਜੰਗੀ ਪੱਧਰ ’ਤੇ ਰਾਹਤ ਕਾਰਜਾਂ ’ਚ ਜੁੱਟੀਆਂ ਹੋਈਆਂ ਹਨ।