ਅੰਨਾ ਹਜ਼ਾਰੇ ਵੱਲੋਂ ਭੁੱਖ ਹੜਤਾਲ ਮੁੜ ਸ਼ੁਰੂ ਕਰਨ ਦੀ ਚਿਤਾਵਨੀ

344
Share

ਪੁਣੇ, 14 ਦਸੰਬਰ (ਪੰਜਾਬ ਮੇਲ)- ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ‘ਭੁੱਖ ਹੜਤਾਲ’ ਮੁੜ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਹਜ਼ਾਰੇ ਨੇ ਕਿਹਾ ਕਿ ਸਰਕਾਰ ਜੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀ ਜਿਣਸਾਂ ਦੇ ਭਾਅ ਮਿੱਥਣ ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ‘ਚ ਨਾਕਾਮ ਰਹਿੰਦੀ ਹੈ ਤਾਂ ਉਹ ਮੁੜ ਤੋਂ ਭੁੱਖ ਹੜਤਾਲ ‘ਤੇ ਬੈਠਣਗੇ। ਹਜ਼ਾਰੇ ਦੀਆਂ ਹੋਰਨਾਂ ਮੰਗਾਂ ਵਿਚ ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ (ਸੀਏਸੀਪੀ) ਨੂੰ ਵਧੇਰੇ ਖੁਦਮੁਖਤਿਆਰੀ ਦੇਣਾ ਵੀ ਸ਼ਾਮਲ ਹੈ। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਝੰਡਾ ਬਰਦਾਰ ਅੰਨਾ ਹਜ਼ਾਰੇ ਨੇ ਇਸ ਤੋਂ ਪਹਿਲਾਂ ਫਰਵਰੀ 2019 ‘ਚ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚਲੇ ਆਪਣੇ ਪਿੰਡ ਰਾਲੇਗਾਓਂ ਸਿੱਧੀ ਵਿਚ ਉਪਵਾਸ ਰੱਖਿਆ ਸੀ, ਜਿਸ ਨੂੰ ਤਤਕਾਲੀਨ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਵੱਲੋਂ ਦਿੱਤੇ ਭਰੋਸੇ ‘ਤੇ ਮੁਲਤਵੀ ਕਰ ਦਿੱਤਾ ਸੀ। ਤੋਮਰ ਨੂੰ ਲਿਖੇ ਪੱਤਰ ‘ਚ ਹਜ਼ਾਰੇ ਨੇ ਸਾਬਕਾ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਵੱਲੋਂ ਲਿਖਿਆ ਉਹ ਪੱਤਰ ਵੀ ਨੱਥੀ ਕੀਤਾ ਹੈ, ਜਿਸ ਵਿਚ ਉਪਰੋਕਤ ਮਸਲੇ ਦੇ ਹੱਲ ਲਈ ਉੱਚ ਤਾਕਤੀ ਕਮੇਟੀ ਗਠਿਤ ਕਰਨ ਤੇ 30 ਅਕਤੂਬਰ 2019 ਤੱਕ ਰਿਪੋਰਟ ਸੌਂਪੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ।


Share