ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜਾਗ੍ਰਿਤੀ ਅਤੇ ਸਨਮਾਨ ਸਮਾਰੋਹ ਕਰਵਾਇਆ

746
Share

ਬੰਗਾ, 11 ਮਾਰਚ (ਪੰਜਾਬ ਮੇਲ)– ਪੰਚਾਇਤ ਯੂਨੀਅਨ ਪੰਜਾਬ ਬਲਾਕ ਬੰਗਾ ਅਤੇ ਗ੍ਰਾਮ ਪੰਚਾਇਤ ਪਿੰਡ ਚੱਕ ਕਲਾਲ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜਾਗ੍ਰਿਤੀ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਉੱਘੇ ਪੱਤਰਕਾਰ ਅਤੇ ਕਾਲਮ ਨਵੀਸ ਐੱਸ.ਅਸ਼ੋਕ ਭੌਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਆਪਣੇ ਸੰਬੋਧਨ ‘ਚ ਕਿਹਾ ਕਿ ਔਰਤਾਂ ਨੂੰ ਜੇਕਰ ਮੌਕੇ ਦਿੱਤੇ ਜਾਣ, ਤਾਂ ਉਹ ਹਰ ਖੇਤਰ ‘ਚ ਤਰੱਕੀ ਕਰ ਸਕਦੀਆਂ ਹਨ। ਵਿਦੇਸ਼ਾਂ ‘ਚ ਔਰਤਾਂ ਨੂੰ ਵਧੇਰੇ ਮੌਕੇ ਮਿਲਦੇ ਹਨ, ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ‘ਚ ਤਰੱਕੀ ਕਰ ਰਹੀਆਂ ਹਨ। ਬਰਾਬਰਤਾ ਦੇ ਅਧਿਕਾਰ ਕਾਰਨ ਉਹ ਦੇਸ਼ ਵਧੇਰੇ ਤਰੱਕੀ ਕਰ ਰਹੇ ਹਨ। ਔਰਤਾਂ ਨੂੰ ਮਰਦ ਦੇ ਬਰਾਬਰ ਦੀ ਆਜ਼ਾਦੀ ਪ੍ਰਾਪਤ ਹੈ, ਜਿਸ ਕਾਰਨ ਔਰਤਾਂ ਦਾ ਜੀਵਨ ਵਧੇਰੇ ਖੁਸ਼ਹਾਲ ਹੈ। ਔਰਤਾਂ ਵਰਗੇ ਵਿਕਸਿਤ ਦੇਸ਼ ‘ਚ ਅੱਧੀ ਰਾਤ ਨੂੰ ਸੜਕ ‘ਤੇ ਤੁਰੀ ਜਾਂਦੀ ਔਰਤ ਵੀ ਸੁਰੱਖਿਅਤ ਹੈ ਪਰ ਭਾਰਤ ਵਿਚ ਔਰਤਾਂ ਹਮੇਸ਼ਾ ਅਸੁਰੱਖਿਅਤ ਹਨ। ਇੱਥੇ ਔਰਤਾਂ ਨੂੰ ਬਹੁਤ ਘੱਟ ਮੌਕੇ ਮਿਲਦੇ ਹਨ, ਜਿਸ ਕਾਰਨ ਖਾਸ ਕਰ ਪੇਂਡੂ ਔਰਤਾਂ ਅਜੇ ਵੀ ਮਰਦਾਂ ਦੇ ਅਧੀਨ ਹਨ। ਪਰ ਭਾਰਤ ਵਿਚ ਵੀ ਜਿਨ੍ਹਾਂ ਔਰਤਾਂ ਨੂੰ ਬਰਾਬਰ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੇ ਨਾ ਸਿਰਫ ਮਰਦਾਂ ਨੂੰ ਮੁਕਾਬਲਾ ਦਿੱਤਾ ਹੈ, ਸਗੋਂ ਬਹੁਤ ਸਾਰੇ ਖੇਤਰਾਂ ਵਿਚ ਔਰਤਾਂ, ਮਰਦਾਂ ਨੂੰ ਪਛਾੜ ਕੇ ਅੱਗੇ ਲੰਘ ਗਈਆਂ ਹਨ। ਇਸ ਲਈ ਜੇਕਰ ਭਾਰਤ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਵੱਖਰੀ ਅਤੇ ਸਫਲ ਪਛਾਣ ਬਣਾਉਣੀ ਹੈ, ਤਾਂ ਔਰਤਾਂ ਨੂੰ ਵਧੇਰੇ ਮੌਕੇ ਦੇ ਕੇ ਤਰੱਕੀ ਕਰਨ ਦੇ ਰਾਹ ਖੋਲ੍ਹਣੇ ਚਾਹੀਦੇ ਹਨ ਅਤੇ ਔਰਤਾਂ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਕਰਨੇ ਚਾਹੀਦੇ ਹਨ।
ਇਸ ਮੌਕੇ ਇਲਾਕੇ ਦੀਆਂ ਉਨ੍ਹਾਂ ਔਰਤਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸਮਾਜ ਦੀ ਸੌੜੀ ਸੋਚ ਤੋਂ ਉੱਪਰ ਉਠ ਕੇ ਕੁਝ ਵੱਖਰਾ ਕਰਨ ਦਾ ਯਤਨ ਕੀਤਾ। ਜਿਨ੍ਹਾਂ ਵਿਚ ਬੀਬੀ ਰਸ਼ਪਾਲ ਕੌਰ ਬੀਕਾ, ਜਿਨ੍ਹਾਂ ਨੇ ਇੰਗਲੈਂਡ ਤੋਂ ਵਾਪਸ ਆ ਕੇ ਆਪਣੇ ਪਿੰਡ ਬੀਕਾ ਵਿਚ ਸਾਬਣ ਸਰਫ ਬਣਾਉਣ ਦੀ ਫੈਕਟਰੀ ਲਗਾ ਕੇ ਦਰਜਨਾਂ ਔਰਤਾਂ ਨੂੰ ਰੁਜ਼ਗਾਰ ਦਿੱਤਾ ਹੈ। ਬੀਬੀ ਰਜਨੀ ਬਾਲਾ, ਜਿਨ੍ਹਾਂ ਨੇ ਭਾਰਤੀ ਜੀਵਨ ਬੀਮਾ ਨਿਗਮ ਵਿਚ ਉੱਚਾ ਮੁਕਾਮ ਪ੍ਰਾਪਤ ਕੀਤਾ ਹੈ ਅਤੇ ਮੈਡਮ ਹਰਜਿੰਦਰ ਕੌਰ ਚਾਹਲ ਜਿਨ੍ਹਾਂ ਨੇ ਪੱਤਰਕਾਰੀ ਅਤੇ ਵਿਉਪਾਰ ਦੇ ਖੇਤਰ ਵਿਚ ਖੁਦ ਨੂੰ ਸਾਬਿਤ ਕੀਤਾ ਹੈ। ਇਨ੍ਹਾਂ ਵਿਲੱਖਣ ਪ੍ਰਾਪਤੀਆਂ ਕਰਨ ਇਨ੍ਹਾਂ ਮਹਾਨ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।
ਸਮਾਰੋਹ ਵਿਚ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਟੀਮ ਨੇ ‘ਮੈਂ ਨਬਾਮ ਰੌਸ਼ਨ ਕਰੂੰਗੀ’, ‘ਮੰਗਤੀ ਉਪੇਰਾ’, ਨਾਟਕ ‘ਮੀਰਾ ਜਾਗ ਪਈ’ ਅਤੇ ‘ਧੀ ਧਿਆਣੀ’ ਕੋਰੀਓਗ੍ਰਾਫੀ ਰਾਹੀਂ, ਸਮਾਜ ਨੂੰ ਜਾਗਰੂਕ ਕੀਤਾ। ਇਨ੍ਹਾਂ ਪੇਸ਼ਕਾਰੀਆਂ ਨੂੰ ਲੋਕ ਦੇਰ ਰਾਤ ਤੱਕ ਕੀਲ ਕੇ ਬਿਠਾਈ ਰੱਖੇ। ਇਸ ਸਮਾਰੋਹ ਮੁੱਖ ਪ੍ਰਬੰਧਕ ਸੰਤੋਖ ਸਿੰਘ ਜੱਸੀ, ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ, ਬਲਾਕ ਬੰਗਾ ਸਨ। ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਐਮਾਂ ਜੱਟਾਂ ਨੇ ਨਿਭਾਈ। ਇਸ ਮੌਕੇ ਮੋਹਣ ਬੀਕਾ, ਪ੍ਰਧਾਨ ਤਰਕਸ਼ੀਲ ਸੁਸਾਇਟੀ ਬੰਗਾ, ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ। ਅੰਤ ਵਿਚ ਸਮਾਰੋਹ ਦੇ ਮੁੱਖ ਪ੍ਰਬੰਧਕ ਸੰਤੋਖ ਸਿੰਘ ਜੱਸੀ ਨੇ ਮੁੱਖ ਮਹਿਮਾਨ ਅਤੇ ਹੋਰ ਸ਼ਖਸੀਅਤਾਂ ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਹਾਜ਼ਰ ਲੋਕਾਂ ਨੂੰ ਅਗਾਂਹਵਧੂ ਸਾਹਿਤ ਅਤੇ ਵਿਦਿਆਰਥੀ ਸਮੱਗਰੀ ਵੰਡੀ ਗਈ।  


Share