ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੀ.ਪੀ. ਕਿੱਟ ਪਹਿਨ ਕੇ ਕੰਮ ਕਰਨ ਵਾਲੇ ਡਾਕਟਰ ਤੇ ਟੈਕਨੀਸ਼ੀਅਨ ਗਰਮੀ ਕਾਰਨ ਹੋਏ ਬੇਹੋਸ਼

778
Share

ਅੰਮ੍ਰਿਤਸਰ, 26 ਮਈ (ਪੰਜਾਬ ਮੇਲ)- ਪੰਜਾਬ ਵਿਚ ਪੈ ਰਹੀ ਅਤਿ ਦੀ ਗਰਮੀ ਕਾਰਨ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ 14 ਘੰਟੇ ਲਗਾਤਾਰ ਪੀ.ਪੀ. ਕਿੱਟ ਪਹਿਨ ਕੇ ਕੰਮ ਕਰਨ ਵਾਲੇ ਇਕ ਡਾਕਟਰ ਅਤੇ ਟੈਕਨੀਸ਼ੀਅਨ ਬੇਹੋਸ਼ ਹੋ ਗਿਆ। ਸਿਹਤ ਵਿਭਾਗ ਦੀ ਨਲਾਇਕੀ ਕਾਰਨ ਉਕਤ ਕਾਮੇ ਲਗਤਾਰ ਮਿੱਥੇ ਸਮੇਂ ਤੋਂ ਵੱਧ ਡਿਊਟੀ ਦੇ ਰਹੇ ਹਨ। ਕਾਮਿਆਂ ਨੇ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਸਿਵਲ ਸਰਜਨ ਸਣੇ ਸਹਾਇਕ ਸਿਵਲ ਸਰਜਨ ਨੂੰ ਵੀ ਜਾਣੂ ਕਰਵਾਇਆ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਨਿਕਲਿਆ।
ਭਾਰੀ ਗਰਮੀ ਵਿਚ ਪੀ. ਪੀ. ਕਿੱਟ ਪਹਿਨ ਕੇ ਹਵਾ ਵੀ ਨਹੀਂ ਲੱਗਦੀ, ਜਿੱਥੇ ਸੈਂਪਲ ਲੈਣ ਲਈ ਉਨ੍ਹਾਂ ਨੂੰ ਬਿਠਾਇਆ ਗਿਆ ਹੈ, ਉਥੇ ਨਾ ਤਾਂ ਏ. ਸੀ. ਹੈ ਅਤੇ ਨਾ ਹੀ ਪੱਖੇ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਨੇ ਬਿਨਾਂ ਖਾਣਾ ਖਾਧੇ 14 ਘੰਟੇ ਕੰਮ ਕੀਤਾ। ਕਾਮਿਆਂ ਦਾ ਕਹਿਣਾ ਹੈ ਕਿ ਇੰਨੀ ਭਾਰੀ ਗਰਮੀ ਵਿਚ ਸਿਵਲ ਸਰਜਨ ਅਤੇ ਸਹਾਇਕ ਸਿਵਲ ਸਰਜਨ 15 ਮਿੰਟ ਲਈ ਉਕਤ ਕੇਂਦਰ ਵਿਚ ਪੀ. ਪੀ. ਕਿੱਟ ਪਹਿਨ ਕੇ ਬਿਨਾਂ ਕੰਮ ਦੇ ਉਂਝ ਹੀ ਖੜ੍ਹੇ ਹੋ ਵਿਖਾ ਦੇਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਅਧਿਕਾਰੀ ਕਾਮਿਆਂ ਦੀ ਸਿਹਤ ਦੀ ਪਰਵਾਹ ਨਹੀਂ ਕਰਦੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਸ਼ਰਨਜੀਤ ਕੌਰ ਸਿੱਧੂ ਨੇ ਇਹ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ।


Share